ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਿਹਤ ਵਿਭਾਗ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸੇ ਮੁਹਿੰਮ ਤਹਿਤ ਸ਼ਹਿਰ ਦੇ ਮਾਲ ਰੋਡ ‘ਤੇ ਸਥਿਤ ਇੱਕ ਚਰਚਿਤ ਪੀਜ਼ਾ ਸਟੋਰ ‘ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਅਚਾਨਕ ਛਾਪੇਮਾਰੀ ਕੀਤੀ ਗਈ, ਜਿੱਥੋਂ ਮਿਆਦ ਲੰਘ ਚੁੱਕਾ ਖਾਣ-ਪੀਣ ਦਾ ਸਾਮਾਨ ਬਰਾਮਦ ਹੋਇਆ।
ਮੌਕੇ ‘ਤੇ ਹੀ ਸੁੱਟਵਾਇਆ ਐਕਸਪਾਇਰੀ ਸਾਮਾਨ
ਜ਼ਿਲ੍ਹਾ ਸਿਹਤ ਅਫ਼ਸਰ (DHO) ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਹੋਈ ਇਸ ਚੈਕਿੰਗ ਦੌਰਾਨ ਟੀਮ ਨੂੰ ਸਟੋਰ ਵਿੱਚੋਂ ਮਿਆਦ ਪੁਗਾ ਚੁੱਕੇ ਸੀਜ਼ਨਿੰਗ ਪੈਕੇਟ, ਕੁਕਿੰਗ ਆਇਲ ਅਤੇ ਲਗਭਗ 12 ਰੈਪ ਪੈਕੇਟ ਮਿਲੇ। ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਇਸ ਵੱਡੀ ਲਾਪਰਵਾਹੀ ਨੂੰ ਦੇਖਦੇ ਹੋਏ ਟੀਮ ਨੇ ਮੌਕੇ ‘ਤੇ ਹੀ ਇਹ ਸਾਰੇ ਐਕਸਪਾਇਰ ਉਤਪਾਦ ਡਸਟਬਿਨ ਵਿੱਚ ਪੁਆ ਕੇ ਨਸ਼ਟ ਕਰਵਾ ਦਿੱਤੇ।
ਨੋਟਿਸ ਜਾਰੀ
ਡਾ. ਜਤਿੰਦਰ ਭਾਟੀਆ ਨੇ ਦੱਸਿਆ ਕਿ ਰੁਟੀਨ ਚੈਕਿੰਗ ਦੌਰਾਨ ਮਿਲੀ ਇਸ ਅਣਗਹਿਲੀ ਲਈ ਸਟੋਰ ਪ੍ਰਬੰਧਕਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਖਾਧ ਪਦਾਰਥਾਂ ਦੇ ਸੈਂਪਲ ਵੀ ਲੈਬ ਵਿੱਚ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਨਿਰਧਾਰਿਤ ਸਮੇਂ ਅੰਦਰ ਸਟੋਰ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਫੂਡ ਸੇਫ਼ਟੀ ਐਕਟ ਅਧੀਨ ਏ.ਡੀ.ਸੀ. (ADC) ਅਦਾਲਤ ਰਾਹੀਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੁਕਾਨਦਾਰਾਂ ਅਤੇ ਰੈਸਟੋਰੈਂਟ ਮਾਲਕਾਂ ਨੂੰ ਹਦਾਇਤਾਂ
ਡੀ.ਐਚ.ਓ. ਨੇ ਸਾਰੇ ਰੈਸਟੋਰੈਂਟ ਸੰਚਾਲਕਾਂ ਅਤੇ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਤਾੜਨਾ ਕੀਤੀ ਕਿ ਬਦਲਦੇ ਮੌਸਮ ਕਾਰਨ ਬੱਚਿਆਂ ਵਿੱਚ ਬੀਮਾਰੀਆਂ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਲਈ ਫਰਿੱਜਾਂ ਦੇ ਤਾਪਮਾਨ, ਰਸੋਈ ਦੀ ਸਾਫ਼-ਸਫ਼ਾਈ ਅਤੇ ਹਾਈਜੀਨ ਦੇ ਮਾਪਦੰਡਾਂ ਦਾ ਪੂਰਾ ਧਿਆਨ ਰੱਖਿਆ ਜਾਵੇ, ਤਾਂ ਜੋ ਆਮ ਲੋਕਾਂ ਦੀ ਸਿਹਤ ਸੁਰੱਖਿਅਤ ਰਹੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



