Political News : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਕਾਰਵਾਈ ਕਰ ਦਿੱਤੀ ਹੈ। ਉਨ੍ਹਾਂ ਨੇ ਪਾਰਟੀ ਦੇ ਆਗੂ ਅਤੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਕੈਰੋਂ ਰਿਸ਼ਤੇ ਵਿਚ ਸੁਖਬੀਰ ਬਾਦਲ ਦੇ ਜੀਜਾ ਹਨ। ਇਹ ਕਾਰਵਾਈ ਕੈਰੋਂ ਉਤੇ ਲੱਗੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਕਾਰਨ ਕੀਤੀ ਗਈ ਹੈ। ਦਰਅਸਲ, ਖਡੂਰ ਸਾਹਿਬ ਦੇ ਅਕਾਲੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਇਸ ਬਾਰੇ ਪਾਰਟੀ ਪ੍ਰਧਾਨ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ।
ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਲੰਬੇ ਸਮੇਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਰਹੇ ਹਨ। ਪਾਰਟੀ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਨਹੀਂ ਹਟੇ। ਸੁਖਬੀਰ ਬਾਦਲ ਨੇ ਖੁਦ ਇਸ ਲਈ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ। ਇਸੇ ਲਈ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਕਾਰਵਾਈ ਕੀਤੀ ਗਈ।

ਸੁਖਬੀਰ ਬਾਦਲ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਟਵੀਟ ਕੀਤਾ ਤੇ ਕਿਹਾ, ‘ਸਰਦਾਰਾ! ਅੱਜ ਦਿਲ ਜਿੱਤ ਲਿਆ ਈ। ਮੇਰੀ ਜਾਨ ਵੀ ਹਾਜ਼ਰ ਹੈ ਤੇਰੀ ਲਈ। ਤੇਰੇ ਇਸ ਵੱਡੇ ਫੈਸਲੇ ਕਰਕੇ ਮੈਂ ਅੱਜ ਹੀ ਚੋਣ ਜਿੱਤ ਗਿਆ ਹਾਂ। ਧੰਨਵਾਦ ਪ੍ਰਧਾਨ ਜੀ।’
