ਫ਼ਤਿਹਗੜ੍ਹ ਸਾਹਿਬ : ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਵਿਖੇ ਸਰਹਿੰਦ ਜੀ.ਟੀ. ਰੋਡ ‘ਤੇ ਇੱਕ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਉਤਰਾਖੰਡ ਦੇ ਗੰਗੋਤਰੀ ਤੋਂ ਪਵਿੱਤਰ ਜਲ ਲੈ ਕੇ ਕੋਟਕਪੂਰਾ ਸ਼ਹਿਰ ਵੱਲ ਪਰਤ ਰਹੇ ਕਾਂਵੜੀਆਂ ਨੂੰ ਪਿੱਛੋਂ ਆ ਰਹੀ ਇੱਕ ਤੇਜ਼ ਰਫ਼ਤਾਰ ਗੱਡੀ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿੱਚ ਤਿੰਨ ਕਾਂਵੜੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ।
ਤੇਜ਼ ਰਫ਼ਤਾਰ ਗੱਡੀ ਨੇ ਕਾਂਵੜੀਆਂ ਨੂੰ ਮਾਰੀ ਟੱਕਰ
ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ ਸਵਾ ਦੋ ਵਜੇ ਸਰਹਿੰਦ ਜੀ.ਟੀ. ਰੋਡ ‘ਤੇ ਦਾਦਾ ਮੋਟਰਜ਼ ਦੇ ਨੇੜੇ ਇਹ ਹਾਦਸਾ ਵਾਪਰਿਆ। ਹਾਦਸੇ ਵਿੱਚ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੀ ਪਛਾਣ ਮਹਿੰਦਰਪਾਲ, ਦੀਪਕ ਅਤੇ ਜਗਦੀਸ਼ ਮਿੱਤਲ ਵਜੋਂ ਹੋਈ ਹੈ, ਜੋ ਕਿ ਸਾਰੇ ਜ਼ਿਲ੍ਹਾ ਫਰੀਦਕੋਟ ਦੇ ਰਹਿਣ ਵਾਲੇ ਸਨ। ਇਸ ਘਟਨਾ ਵਿੱਚ ਜ਼ਖ਼ਮੀ ਹੋਏ ਵਿਅਕਤੀ ਦੀ ਪਛਾਣ ਮੁਕੇਸ਼ ਕੁਮਾਰ ਵਜੋਂ ਹੋਈ ਹੈ। ਘਟਨਾ ਬਾਰੇ ਦੱਸਦਿਆਂ ਮੌਕੇ ‘ਤੇ ਮੌਜੂਦ ਸਾਥੀ ਕਾਂਵੜੀਏ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਕੁੱਲ ਛੇ ਜਣੇ ਪੈਦਲ ਜਾ ਰਹੇ ਸਨ, ਜਦੋਂ ਪਿੱਛੋਂ ਆ ਰਹੀ ਅਣਪਛਾਤੀ ਤੇਜ਼ ਰਫ਼ਤਾਰ ਗੱਡੀ ਨੇ ਉਨ੍ਹਾਂ ਦੇ ਅੱਗੇ ਤੁਰੇ ਜਾ ਰਹੇ ਚਾਰ ਸਾਥੀਆਂ ਨੂੰ ਦਰੜ ਦਿੱਤਾ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਇਸ ਦਰਦਨਾਕ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਰਹਿੰਦ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਤਿਲਕ ਰਾਜ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਫਰਾਰ ਵਾਹਨ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੁਖਦਾਈ ਘਟਨਾ ਕਾਰਨ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ


