ਬਰਨਾਲਾ : ਬਰਨਾਲਾ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਜ਼ਿਲ੍ਹੇ ਵਿੱਚ ਚੱਲ ਰਹੀ ਵਿਸ਼ੇਸ਼ ਸੰਖੇਪ ਸੁਧਾਈ (ਐਸ.ਆਈ.ਆਰ.) ਮੁਹਿੰਮ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਉਨ੍ਹਾਂ ਵੋਟਰ ਸੂਚੀਆਂ ਦੀ ਸੁਧਾਈ ਨਾਲ ਜੁੜੇ ਤੱਥਾਂ ਅਤੇ ਆਉਣ ਵਾਲੇ ਸ਼ਡਿਊਲ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਅਤੇ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਕੁੱਲ 4,85,000 ਵੋਟਰ ਦਰਜ ਹਨ। ਐਸ.ਆਈ.ਆਰ. ਮੁਹਿੰਮ ਤਹਿਤ ਇਨ੍ਹਾਂ ਵਿੱਚੋਂ 4,54,000 ਵੋਟਰਾਂ ਦੇ ਫਾਰਮ ਪ੍ਰਾਪਤ ਹੋ ਚੁੱਕੇ ਹਨ। ਜਦਕਿ ਲਗਭਗ 32,000 ਫਾਰਮ ਅਨ-ਕਲੈਕਟੀਬਲ ਪਾਏ ਗਏ ਹਨ। ਇਨ੍ਹਾਂ ਫਾਰਮਾਂ ਦੀ ਘਰ-ਘਰ ਜਾ ਕੇ ਵੈਰੀਫਿਕੇਸ਼ਨ ਕਰਨ ਮਗਰੋਂ ਏ.ਐਸ.ਡੀ. ਸੂਚੀਆਂ ਤਿਆਰ ਕਰਕੇ ਸਿਆਸੀ ਪਾਰਟੀਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਬੂਥਾਂ ਦੀ ਰੈਸ਼ਨਲਾਈਜ਼ੇਸ਼ਨ ਤੋਂ ਬਾਅਦ ਜ਼ਿਲ੍ਹੇ ਵਿੱਚ 2 ਨਵੇਂ ਪੋਲਿੰਗ ਬੂਥ ਬਣਾਏ ਗਏ ਹਨ, ਜਿਸ ਨਾਲ ਹੁਣ ਕੁੱਲ ਬੂਥਾਂ ਦੀ ਗਿਣਤੀ 558 ਤੋਂ ਵਧ ਕੇ 560 ਹੋ ਗਈ ਹੈ।
ਆਗਾਮੀ ਪ੍ਰੋਗਰਾਮ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਪ੍ਰਾਪਤ ਹੋਏ ਫਾਰਮਾਂ ਦੇ ਆਧਾਰ ‘ਤੇ 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। ਇਸ ਦੀਆਂ ਕਾਪੀਆਂ ਡੀ.ਸੀ. ਦਫ਼ਤਰ, ਐਸ.ਡੀ.ਐਮ. ਦਫ਼ਤਰ, ਬੀ.ਐਲ.ਓਜ਼ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਵੋਟਰ 13 ਅਗਸਤ ਤੋਂ ਲੈ ਕੇ 12 ਸਤੰਬਰ ਤੱਕ ਈ.ਆਰ.ਓ. (ERO) ਜਾਂ ਬੀ.ਐਲ.ਓ. (BLO) ਕੋਲ ਆਪਣੇ ਦਾਅਵੇ ਜਾਂ ਇਤਰਾਜ਼ ਦਰਜ ਕਰਵਾ ਸਕਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਫਾਰਮਾਂ ਦੀ ਮੈਪਿੰਗ (2003 ਦੀ ਸੂਚੀ ਜਾਂ ਮਾਪਿਆਂ ਦੇ ਡਾਟੇ ਨਾਲ) ਨਹੀਂ ਹੋ ਸਕੀ ਹੈ, ਉਨ੍ਹਾਂ ਸਬੰਧਤ ਵਿਅਕਤੀਆਂ ਨੂੰ ਨੋਟਿਸ ਜਾਰੀ ਕਰਕੇ ਪਿੰਡ ਅਤੇ ਵਾਰਡ ਪੱਧਰ ‘ਤੇ ਸੁਣਵਾਈ (Hearing) ਰੱਖੀ ਜਾਵੇਗੀ ਅਤੇ ਇਸ ਪ੍ਰਕਿਰਿਆ ਦਾ 8 ਅਕਤੂਬਰ 2026 ਤੱਕ ਮੁਕੰਮਲ ਨਿਪਟਾਰਾ ਕਰ ਦਿੱਤਾ ਜਾਵੇਗਾ।
ਸਾਰੇ ਦਾਅਵਿਆਂ, ਇਤਰਾਜ਼ਾਂ ਅਤੇ ਸੁਣਵਾਈਆਂ ਦੇ ਨਿਪਟਾਰੇ ਤੋਂ ਬਾਅਦ ਪ੍ਰਸ਼ਾਸਨ ਵੱਲੋਂ 12 ਅਕਤੂਬਰ 2026 (ਸੋਮਵਾਰ) ਨੂੰ ਜ਼ਿਲ੍ਹੇ ਦੀ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕਰ ਦਿੱਤੀ ਜਾਵੇਗੀ।
ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਪੂਰੇ ਭਾਰਤ ਵਿੱਚ ਚੱਲ ਰਹੀ ਇਸ ਕਾਰਵਾਈ ਦਾ ਮੁੱਖ ਮਕਸਦ ਡੁਪਲੀਕੇਟ ਅਤੇ ਜਾਅਲੀ ਵੋਟਾਂ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕਰਨਾ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ ਜ਼ਿਲ੍ਹਾ ਇਸ ਕੰਮ ਵਿੱਚ ਪੰਜਾਬ ਦੇ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ ਵਿੱਚ ਸ਼ਾਮਲ ਹੈ।
ਅੰਤ ਵਿੱਚ ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ, “ਵੋਟ ਸਾਡਾ ਬਹੁਤ ਕੀਮਤੀ ਅਧਿਕਾਰ ਹੈ ਅਤੇ ਸਰਕਾਰ ਦੀਆਂ ਕਈ ਯੋਜਨਾਵਾਂ ਇਸੇ ‘ਤੇ ਆਧਾਰਿਤ ਹੁੰਦੀਆਂ ਹਨ। ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੀ.ਐਲ.ਓ., ਐਸ.ਡੀ.ਐਮ. ਜਾਂ ਡੀ.ਸੀ. ਦਫ਼ਤਰ ਜਾ ਕੇ ਡਰਾਫਟ ਸੂਚੀ ਵਿੱਚ ਆਪਣੀ ਵੋਟ ਦੀ ਪੁਸ਼ਟੀ ਜ਼ਰੂਰ ਕਰੇ, ਤਾਂ ਜੋ ਕਿਸੇ ਦੀ ਸਹੀ ਵੋਟ ਨਾ ਕੱਟੀ ਜਾਵੇ ਅਤੇ ਕੋਈ ਗਲਤ ਵੋਟ ਸੂਚੀ ਵਿੱਚ ਸ਼ਾਮਲ ਨਾ ਰਹਿ ਸਕੇ।”
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

