ਕਪੂਰਥਲਾ : ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਅਤੇ ਸਥਾਨਕ ਨਿਵਾਸੀਆਂ ਲਈ ਇੱਕ ਵੱਡੀ ਸੁਖਾਵੀਂ ਖ਼ਬਰ ਸਾਹਮਣੇ ਆਈ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੰਸਦ ਵਿੱਚ ਲਗਾਤਾਰ ਉਠਾਈ ਗਈ ਆਵਾਜ਼ ਅਤੇ ਸਾਰਥਕ ਯਤਨਾਂ ਦੇ ਸਦਕਾ ਰੇਲਵੇ ਵਿਭਾਗ ਨੇ ਸੁਲਤਾਨਪੁਰ ਲੋਧੀ ਦੇ ਰੇਲਵੇ ਅੰਡਰਬ੍ਰਿਜ ਨੰਬਰ 47 ਅਤੇ 48 ‘ਤੇ ਛੱਤਾਂ ਬਣਾਉਣ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਹੈ। ਇਸ ਕਦਮ ਨਾਲ ਦੁਆਬਾ ਅਤੇ ਮਾਲਵਾ ਖੇਤਰ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਖਰਾਬ ਮੌਸਮ, ਬਰਸਾਤ ਅਤੇ ਚਿਲਚਿਲਾਤੀ ਧੁੱਪ ਤੋਂ ਵੱਡੀ ਨਿਜਾਤ ਮਿਲੇਗੀ।
ਰਾਜ ਸਭਾ ਵਿੱਚ ਸੰਤ ਸੀਚੇਵਾਲ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕੇਂਦਰੀ ਰੇਲਵੇ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਪੁਸ਼ਟੀ ਕੀਤੀ ਹੈ ਕਿ ਜਲੰਧਰ-ਸੁਲਤਾਨਪੁਰ ਲੋਧੀ-ਲੋਹੀਆਂ ਰੇਲ ਲਾਈਨ ‘ਤੇ ਸਥਿਤ ਇਨ੍ਹਾਂ ਦੋਵਾਂ ਅੰਡਰਬ੍ਰਿਜਾਂ ਵਿੱਚ ਕਵਰ ਸ਼ੈੱਡ ਲਗਾਉਣ ਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਸੰਤ ਸੀਚੇਵਾਲ ਨੇ ਸੰਸਦ ਵਿੱਚ ਦੱਸਿਆ ਸੀ ਕਿ ਸ਼ੈੱਡ ਨਾ ਹੋਣ ਕਾਰਨ ਰੋਜ਼ਾਨਾ ਇੱਥੋਂ ਲੰਘਣ ਵਾਲੇ ਪੈਦਲ ਯਾਤਰੀਆਂ, ਸਕੂਲੀ ਬੱਚਿਆਂ, ਦੋਪਹੀਆ ਵਾਹਨ ਚਾਲਕਾਂ, ਵਪਾਰੀਆਂ ਅਤੇ ਧਾਰਮਿਕ ਸੰਗਤਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਰੇਲਵੇ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਆਵਾਜਾਈ ਸੁਚਾਰੂ ਬਣਾਉਣ ਲਈ ਡਰੇਨੇਜ ਸਿਸਟਮ ਅਤੇ ਪੰਪਿੰਗ ਨਾਲ-ਨਾਲ ਸ਼ੈੱਡਾਂ ਦੀ ਉਸਾਰੀ ਕੀਤੀ ਜਾ ਰਹੀ ਹੈ।
ਇਹ ਸਮੱਸਿਆ ਸਾਲ 2019 ਤੋਂ ਲਗਾਤਾਰ ਬਣੀ ਹੋਈ ਸੀ। ਬਰਸਾਤ ਦੇ ਦਿਨਾਂ ਵਿੱਚ ਅੰਡਰਬ੍ਰਿਜਾਂ ਵਿੱਚ ਪਾਣੀ ਭਰ ਜਾਣ ਕਾਰਨ ਪੇਂਡੂ ਖੇਤਰਾਂ ਦਾ ਸੁਲਤਾਨਪੁਰ ਲੋਧੀ ਨਾਲੋਂ ਸੰਪਰਕ ਟੁੱਟ ਜਾਂਦਾ ਸੀ, ਜਿਸ ਕਰਕੇ ਲੋਕਾਂ ਨੂੰ ਕਈ ਕਿਲੋਮੀਟਰ ਦਾ ਵਾਧੂ ਚੱਕਰ ਕੱਟਣਾ ਪੈਂਦਾ ਸੀ ਅਤੇ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਸਨ। ਸੰਤ ਸੀਚੇਵਾਲ ਵੱਲੋਂ ਇਸ ਸਬੰਧੀ ਰੇਲਵੇ ਮੰਤਰਾਲੇ ਨੂੰ ਕਈ ਵਾਰ ਲਿਖਤੀ ਮੰਗ-ਪੱਤਰ ਭੇਜੇ ਗਏ ਸਨ।
ਸੰਤ ਸੀਚੇਵਾਲ ਨੇ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਰੇਲਵੇ ਵਿਭਾਗ ਤੋਂ ਮੰਗ ਕੀਤੀ ਕਿ ਇਸ ਕੰਮ ਨੂੰ ਨਿਰਧਾਰਤ ਸਮੇਂ ਦੇ ਅੰਦਰ ਪੂਰਾ ਕੀਤਾ ਜਾਵੇ ਤਾਂ ਜੋ ਇਲਾਕਾ ਵਾਸੀਆਂ ਅਤੇ ਸੰਗਤਾਂ ਦੀ ਯਾਤਰਾ ਸੁਖਾਲੀ ਅਤੇ ਸੁਰੱਖਿਅਤ ਬਣ ਸਕੇ। ਕਵਰ ਸ਼ੈੱਡ ਦਾ ਕੰਮ ਸ਼ੁਰੂ ਹੋਣ ਨਾਲ ਪੂਰੇ ਇਲਾਕੇ ਵਿੱਚ ਉਤਸ਼ਾਹ ਦਾ ਮਾਹੌਲ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਸਰਕਾਰੀ ਸਕੂਲ ਦੇ ਅਧਿਆਪਕ ‘ਤੇ 7ਵੀਂ ਜਮਾਤ ਦੀ ਵਿਦਿਆਰਥਣ ਨਾਲ ਛੇੜਛਾੜ ਦਾ ਆਰੋਪ, ਪਿੰਡ ਵਾਸੀਆਂ ਵੱਲੋਂ ਹੰਗਾਮਾ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



