ਲੁਧਿਆਣਾ : ਉਦਯੋਗਿਕ ਨਗਰੀ ਲੁਧਿਆਣਾ ਵਿੱਚ ਅਪਰਾਧੀ ਅਨਸਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਆਮ ਲੋਕਾਂ ਦਾ ਸੜਕਾਂ ‘ਤੇ ਨਿਕਲਣਾ ਵੀ ਦੂਭਰ ਹੋ ਗਿਆ ਹੈ। ਪਹਿਲਾਂ ਜਿੱਥੇ ਲੁਟੇਰੇ ਰਾਤ ਦੇ ਹਨੇਰੇ ਦਾ ਫਾਇਦਾ ਚੁੱਕਦੇ ਸਨ, ਉੱਥੇ ਹੀ ਹੁਣ ਦਿਨ-ਦਿਹਾੜੇ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪੁਲਿਸ ਅਤੇ ਕਾਨੂੰਨ ਦੇ ਖ਼ੌਫ਼ ਤੋਂ ਬੇਖ਼ੌਫ਼ ਇਹ ਲੁਟੇਰੇ ਕੁਝ ਹਜ਼ਾਰ ਰੁਪਏ ਜਾਂ ਗਹਿਣਿਆਂ ਲਈ ਚਲਦੀਆਂ ਸੜਕਾਂ ‘ਤੇ ਲੋਕਾਂ ਦੀ ਜਾਨ ਜੋਖਮ ਵਿੱਚ ਪਾਉਣ ਤੋਂ ਵੀ ਨਹੀਂ ਝਿਜਕਦੇ।
ਗੁਰੂ ਗੋਬਿੰਦ ਸਿੰਘ ਨਗਰ ‘ਚ ਵਾਪਰੀ ਦਰਦਨਾਕ ਘਟਨਾ
ਤਾਜ਼ਾ ਮਾਮਲਾ ਲੁਧਿਆਣਾ ਦੇ ਗੁਰੂ ਗੋਬਿੰਦ ਸਿੰਘ ਨਗਰ ਇਲਾਕੇ ਤੋਂ ਸਾਹਮਣੇ ਆਇਆ ਹੈ। ਇੱਥੇ ਸੋਹਲ ਟ੍ਰੇਡਿੰਗ ਕੰਪਨੀ ਦੇ ਨੇੜੇ ਸ਼ਾਮ ਕਰੀਬ 6 ਵਜੇ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ। ਇੱਕ ਪਰਿਵਾਰ ਪੈਦਲ ਜਾ ਰਿਹਾ ਸੀ, ਜਦੋਂ ਚਿੱਟੇ ਰੰਗ ਦੀ ਐਕਟਿਵਾ ‘ਤੇ ਆਏ ਦੋ ਹਥਿਆਰਬੰਦ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ।
ਮਹਿਲਾ ਨੇ ਦਿਖਾਈ ਹਿੰਮਤ
ਸੀਸੀਟੀਵੀ (CCTV) ਫੁਟੇਜ ਅਨੁਸਾਰ, ਐਕਟਿਵਾ ਦੇ ਪਿੱਛੇ ਬੈਠੇ ਬਦਮਾਸ਼ ਨੇ ਉਤਰਦਿਆਂ ਹੀ ਤੇਜ਼ਧਾਰ ਹਥਿਆਰ ਕੱਢ ਲਿਆ ਅਤੇ ਪਰਿਵਾਰ ਨੂੰ ਡਰਾ ਕੇ ਔਰਤ ਦੇ ਗਲੇ ‘ਚੋਂ ਸੋਨੇ ਦੀ ਚੇਨ ਝਪਟ ਲਈ। ਇਸ ਦੌਰਾਨ ਪੀੜਤ ਔਰਤ ਨੇ ਅਦੁੱਤੀ ਹਿੰਮਤ ਦਿਖਾਉਂਦਿਆਂ ਲੁਟੇਰੇ ਦਾ ਹੱਥ ਫੜ ਲਿਆ ਅਤੇ ਉਸ ਦੇ ਪਤੀ ਨੇ ਵੀ ਉਸ ਨੂੰ ਦਬੋਚਣ ਦੀ ਕੋਸ਼ਿਸ਼ ਕੀਤੀ। ਪਰ ਬਦਮਾਸ਼ ਨੇ ਦੁਬਾਰਾ ਹਥਿਆਰ ਨਾਲ ਹਮਲਾ ਕਰਨ ਦੀ ਧਮਕੀ ਦਿੱਤੀ ਅਤੇ ਛੁੱਟ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ।
ਕਾਰ ਨਾਲ ਟਕਰਾਉਣ ਦੇ ਬਾਵਜੂਦ ਫਰਾਰ ਹੋਏ ਲੁਟੇਰੇ
ਭੱਜਣ ਦੀ ਕਾਹਲੀ ਵਿੱਚ ਲੁਟੇਰਾ ਸੜਕ ‘ਤੇ ਲੰਘ ਰਹੀ ਇੱਕ ਕਾਰ ਨਾਲ ਵੀ ਟਕਰਾਇਆ, ਪਰ ਤੁਰੰਤ ਸੰਭਲ ਕੇ ਆਪਣੇ ਸਾਥੀ ਨਾਲ ਐਕਟਿਵਾ ‘ਤੇ ਬੈਠ ਕੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਭਾਰੀ ਸਹਿਮ ਅਤੇ ਰੋਸ ਪਾਇਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਐਕਟਿਵਾ ਦੇ ਨੰਬਰ ਅਤੇ ਦੋਵੇਂ ਦੋਸ਼ੀਆਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Ferozepur Firing : ਘਰ ‘ਤੇ ਅੰਧਾਧੁੰਦ ਫਾਇਰਿੰਗ, ਇਲਾਕੇ ‘ਚ ਬਣਿਆ ਦਹਿਸ਼ਤ ਦਾ ਮਾਹੌਲ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



