ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਛਿੱਕੇ ਟੰਗਦਿਆਂ ਚੋਰਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਤਾਜ਼ਾ ਸਨਸਨੀਖੇਜ਼ ਮਾਮਲਾ ਪਟਿਆਲਾ ਦੀ ਨਾਮੀ ‘ਰੋਇਲ ਇਨਕਲੇਵ ਕਾਲੋਨੀ’ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਚੋਰ ਨੇ ਦਿਨ-ਦਿਹੜੇ ਲੱਖਾਂ ਦੀ ਸੁਰੱਖਿਆ ਦੇ ਦਾਅਵਿਆਂ ਨੂੰ ਫੇਲ੍ਹ ਕਰਦਿਆਂ ਇੱਕ ਘਰ ਵਿੱਚੋਂ ਸਾਈਕਲ ਉਡਾ ਲਿਆ। ਇਹ ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ (CCTV) ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਮਿੰਟਾਂ ‘ਚ ਚੋਰ ਹੋਇਆ ਫਰਾਰ
ਸਾਹਮਣੇ ਆਈ ਸੀਸੀਟੀਵੀ ਫੁਟੇਜ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਉਕਤ ਅਣਪਛਾਤੇ ਚੋਰ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਸ ਨੂੰ ਦਿਨ ਦੇ ਚਾਨਣ ਵਿੱਚ ਫੜੇ ਜਾਣ ਦਾ ਰਤਾ ਭਰ ਵੀ ਡਰ ਨਹੀਂ ਸੀ। ਮੁਲਜ਼ਮ ਬੜੀ ਆਸਾਨੀ ਨਾਲ ਘਰ ਦੀ ਕੰਧ ਟੱਪ ਕੇ ਅੰਦਰ ਦਾਖ਼ਲ ਹੁੰਦਾ ਹੈ ਅਤੇ ਉੱਥੇ ਖੜ੍ਹਾ ਸਾਈਕਲ ਲੈ ਕੇ ਚੁਟਕੀਆਂ ਵਿੱਚ ਰਫ਼ੂਚੱਕਰ ਹੋ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਪੂਰੀ ਕਾਲੋਨੀ ਦੇ ਵਸਨੀਕਾਂ ਵਿੱਚ ਸਹਿਮ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
ਲੋਕਾਂ ਵਿੱਚ ਰੋਸ
ਇਸ ਚੋਰੀ ਤੋਂ ਬਾਅਦ ਸਥਾਨਕ ਲੋਕਾਂ ਦਾ ਗੁੱਸਾ ਪ੍ਰਸ਼ਾਸਨ ਖ਼ਿਲਾਫ਼ ਫੁੱਟ ਪਿਆ ਹੈ। ਕਾਲੋਨੀ ਨਿਵਾਸੀਆਂ ਦਾ ਕਹਿਣਾ ਹੈ ਕਿ ਮਾਮਲਾ ਸਿਰਫ਼ ਇੱਕ ਸਾਈਕਲ ਚੋਰੀ ਹੋਣ ਦਾ ਨਹੀਂ, ਸਗੋਂ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਦਾ ਹੈ। ਕਈ ਘਰਾਂ ਵਿੱਚ ਮਾਪੇ ਨੌਕਰੀ ਪੇਸ਼ਾ ਹੋਣ ਕਾਰਨ ਦਿਨ ਵੇਲੇ ਬੱਚੇ ਘਰਾਂ ਵਿੱਚ ਇਕੱਲੇ ਹੁੰਦੇ ਹਨ। ਅਜਿਹੇ ਵਿੱਚ ਜੇਕਰ ਕੋਈ ਚੋਰ ਦਿਨ-ਦਿਹੜੇ ਕੰਧਾਂ ਟੱਪ ਕੇ ਅੰਦਰ ਆ ਸਕਦਾ ਹੈ, ਤਾਂ ਕੋਈ ਵੀ ਵੱਡੀ ਅਣਹੋਣੀ ਵਾਪਰ ਸਕਦੀ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਗਸ਼ਤ ਵਧਾਈ ਜਾਵੇ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾਵੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



