ਗੁਰਦਾਸਪੁਰ : ਥਾਣਾ ਰੰਗੜ ਨੰਗਲ ਦੇ ਅਧੀਨ ਪੈਂਦੇ ਪਿੰਡ ਮੰਨਣ ਵਿੱਚ ਜ਼ਮੀਨੀ ਵੰਡ ਦੀ ਪੁਰਾਣੀ ਰੰਜਿਸ਼ ਦੇ ਚਲਦਿਆਂ ਇੱਕ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇੱਕ ਚਚੇਰੇ ਭਰਾ ਨੇ, ਜੋ ਆਪਸ ਵਿੱਚ ਸਾਂਢੂ ਵੀ ਲੱਗਦਾ ਸੀ, ਆਪਣੇ ਸਾਥੀਆਂ ਨਾਲ ਮਿਲ ਕੇ ਭਰਾ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਹਮਲਾਵਰਾਂ ਨੇ ਇਸ ਖ਼ੂਨੀ ਖੇਡ ਦੌਰਾਨ ਘਰ ਵਿੱਚ ਮੌਜੂਦ ਮਾਂ ਅਤੇ ਧੀ ਨੂੰ ਵੀ ਜ਼ਖਮੀ ਕਰ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 7 ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਰਾਜ਼ੀਨਾਮੇ ਤੋਂ ਬਾਅਦ ਰਚੀ ਸਾਜ਼ਿਸ਼
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੰਨਣ ਦੇ ਰਹਿਣ ਵਾਲੇ ਦਵਿੰਦਰ ਸਿੰਘ (ਪੁੱਤਰ ਮਹਿੰਦਰ ਸਿੰਘ) ਦਾ ਆਪਣੇ ਸ਼ਰੀਕੇ ‘ਚੋਂ ਚਾਚੇ ਦੇ ਪੁੱਤ ਅਤੇ ਸਾਂਢੂ ਰਾਜ ਸਿੰਘ (ਪੁੱਤਰ ਆਤਮਾ ਸਿੰਘ) ਨਾਲ ਸਾਂਝੀ ਪਰਿਵਾਰਕ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਰੌਲਾ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਵੀ ਦੋਵਾਂ ਧਿਰਾਂ ਵਿਚਾਲੇ ਝਗੜਾ ਹੋਇਆ ਸੀ, ਜਿਸ ਨੂੰ ਪਿੰਡ ਦੇ ਮੋਹਤਬਰਾਂ ਅਤੇ ਰਿਸ਼ਤੇਦਾਰਾਂ ਨੇ ਬੈਠ ਕੇ ਸੁਲਝਾ ਲਿਆ ਸੀ ਅਤੇ ਰਾਜ਼ੀਨਾਮਾ ਕਰਵਾ ਦਿੱਤਾ ਸੀ। ਪਰ ਰਾਜ ਸਿੰਘ ਦੇ ਮਨ ਵਿੱਚ ਰੰਜਿਸ਼ ਬਰਕਰਾਰ ਸੀ, ਜਿਸ ਦੇ ਚਲਦਿਆਂ ਉਸਨੇ ਬੀਤੇ ਕੱਲ੍ਹ ਇੱਕ ਖ਼ਾਸ ਯੋਜਨਾ ਤਹਿਤ ਆਪਣੇ ਸਾਥੀਆਂ ਨਾਲ ਮਿਲ ਕੇ ਦਵਿੰਦਰ ਸਿੰਘ ਦੇ ਘਰ ‘ਤੇ ਹਮਲਾ ਕਰ ਦਿੱਤਾ।
ਮ੍ਰਿਤਕ ਦੀ ਪਤਨੀ ਨੇ ਦਿੱਤਾ ਬਿਆਨ
ਮ੍ਰਿਤਕ ਦੀ ਪਤਨੀ ਗੁਰਜੀਤ ਕੌਰ ਅਤੇ ਪਰਿਵਾਰਕ ਮੈਂਬਰ ਗੱਜਣ ਸਿੰਘ ਨੇ ਰੋਂਦਿਆਂ ਦੱਸਿਆ ਕਿ ਜਦੋਂ ਹਮਲਾਵਰ ਘਰ ਵਿੱਚ ਦਾਖਲ ਹੋਏ, ਉਦੋਂ ਗੁਰਜੀਤ ਕੌਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਹੋਈ ਸੀ। ਉਨ੍ਹਾਂ ਦੀ ਬੇਟੀ ਨੇ ਭੱਜ ਕੇ ਗੁਰਦੁਆਰੇ ਜਾ ਕੇ ਮਾਂ ਨੂੰ ਹਮਲੇ ਦੀ ਸੂਚਨਾ ਦਿੱਤੀ। ਜਦੋਂ ਤੱਕ ਗੁਰਜੀਤ ਕੌਰ ਘਰ ਪਹੁੰਚੀ, ਹਮਲਾਵਰ ਰਾਜ ਸਿੰਘ, ਉਸਦੀ ਪਤਨੀ ਅਤੇ ਹੋਰ ਰਿਸ਼ਤੇਦਾਰਾਂ ਨੇ ਦਵਿੰਦਰ ਸਿੰਘ ‘ਤੇ ਦਾਤਰਾਂ ਨਾਲ ਵਾਰ ਕਰਕੇ ਉਸ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ ਸੀ। ਦਵਿੰਦਰ ਸਿੰਘ ਨੇ ਪਤਨੀ ਦੀਆਂ ਅੱਖਾਂ ਸਾਹਮਣੇ ਤੜਫ-ਤੜਫ ਕੇ ਦਮ ਤੋੜ ਦਿੱਤਾ। ਹਮਲਾਵਰਾਂ ਨੇ ਦਵਿੰਦਰ ਦੀ ਬਜ਼ੁਰਗ ਮਾਂ ਕੁਲਵੰਤ ਕੌਰ ਅਤੇ ਧੀ ਮਨਪ੍ਰੀਤ ਕੌਰ ‘ਤੇ ਵੀ ਵਾਰ ਕੀਤੇ, ਜਿਸ ਨਾਲ ਉਹ ਜ਼ਖਮੀ ਹੋ ਗਈਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਵੱਲੋਂ ਮਾਮਲਾ ਦਰਜ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਰੰਗੜ ਨੰਗਲ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਸਬ-ਇੰਸਪੈਕਟਰ ਰਾਜਵੰਤ ਕੌਰ ਨੇ ਦੱਸਿਆ ਕਿ ਦਵਿੰਦਰ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਮੁੱਖ ਮੁਲਜ਼ਮ ਰਾਜ ਸਿੰਘ ਸਮੇਤ 7 ਵਿਅਕਤੀਆਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਮੁਤਾਬਕ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਦਾਅਵਾ ਕੀਤਾ ਕਿ ਜਲਦ ਹੀ ਸਾਰੇ ਮੁਲਜ਼ਮ ਸਲਾਖਾਂ ਦੇ ਪਿੱਛੇ ਹੋਣਗੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

