ਗੁਰਦਾਸਪੁਰ : ਸ਼ਹਿਰ ਦਾ ਸਭ ਤੋਂ ਵਿਅਸਤ ਅਤੇ ਭੀੜ-ਭੜੱਕੇ ਵਾਲਾ ਇਲਾਕਾ ਮੰਨਿਆ ਜਾਣ ਵਾਲਾ ‘ਹਨੂੰਮਾਨ ਚੌਂਕ’ ਅੱਜ-ਕੱਲ੍ਹ ਚੋਰਾਂ ਅਤੇ ਲੁਟੇਰਿਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਤਾਜ਼ਾ ਮਾਮਲੇ ਵਿੱਚ ਇਸੇ ਚੌਂਕ ਵਿੱਚ ਰੇਹੜੀ/ਫੜੀ ਲਗਾ ਕੇ ਔਰਤਾਂ ਦੇ ਹੱਥਾਂ ‘ਤੇ ਮਹਿੰਦੀ ਲਗਾਉਣ ਵਾਲੇ ਇੱਕ ਗ਼ਰੀਬ ਪ੍ਰਵਾਸੀ ਨੌਜਵਾਨ ਦਾ ਮੋਟਰਸਾਈਕਲ ਚੋਰਾਂ ਨੇ ਉਡਾ ਲਿਆ। ਮੋਟਰਸਾਈਕਲ ਚੋਰੀ ਦੀ ਇਹ ਸਾਰੀ ਘਟਨਾ ਉੱਥੇ ਲੱਗੇ ਇੱਕ ਸੀਸੀਟੀਵੀ (CCTV) ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਦੀ ਫੁਟੇਜ ਹੁਣ ਸਾਹਮਣੇ ਆਈ ਹੈ।
3 ਚੋਰਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ
ਸਾਹਮਣੇ ਆਈ ਸੀਸੀਟੀਵੀ ਫੁਟੇਜ ਮੁਤਾਬਕ ਵਾਰਦਾਤ ਨੂੰ ਤਿੰਨ ਨੌਜਵਾਨਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਤਿੰਨੋਂ ਨੌਜਵਾਨ ਪਹਿਲਾਂ ਇਕੱਠੇ ਆਉਂਦੇ ਹਨ, ਜਿਨ੍ਹਾਂ ਵਿੱਚੋਂ ਦੋ ਨੌਜਵਾਨ ਅੱਗੇ ਲੰਘ ਜਾਂਦੇ ਹਨ ਜਦਕਿ ਤੀਸਰਾ ਚੋਰ ਵਾਪਸ ਮੁੜਦਾ ਹੈ। ਉਹ ਬੜੀ ਸਫ਼ਾਈ ਨਾਲ ਮੋਟਰਸਾਈਕਲ ਦਾ ਲਾਕ ਖੋਲ੍ਹਦਾ ਹੈ ਅਤੇ ਵਾਹਨ ਲੈ ਕੇ ਰਫੂ-ਚੱਕਰ ਹੋ ਜਾਂਦਾ ਹੈ।
ਕਿਸ਼ਤਾਂਲ ਭਰ ਰਿਹਾ ਸੀ ਨੌਜਵਾਨ
ਮੋਟਰਸਾਈਕਲ ਦੇ ਮਾਲਕ ਅਜੀਤ ਕੁਮਾਰ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਨੇ ਇਹ ਮੋਟਰਸਾਈਕਲ ਕੁਝ ਸਮਾਂ ਪਹਿਲਾਂ ਹੀ ਖਰੀਦਿਆ ਸੀ। ਗ਼ਰੀਬੀ ਕਾਰਨ ਉਹ ਇਸ ਦੇ ਪੂਰੇ ਪੈਸੇ ਵੀ ਅਦਾ ਨਹੀਂ ਕਰ ਸਕਿਆ ਸੀ ਅਤੇ ਹਾਲੇ ਵੀ ਕਰੀਬ 25 ਹਜ਼ਾਰ ਰੁਪਏ ਦੀ ਦੇਣਦਾਰੀ ਬਾਕੀ ਸੀ। ਅਜੀਤ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਹਰ ਮਹੀਨੇ ਦੋ-ਦੋ, ਤਿੰਨ-ਤਿੰਨ ਹਜ਼ਾਰ ਰੁਪਏ ਕਰਕੇ ਇਸ ਦੀਆਂ ਕਿਸ਼ਤਾਂ ਚੁਕਤਾ ਕਰ ਰਿਹਾ ਸੀ। ਪੀੜਤ ਨੇ ਮੋਟਰਸਾਈਕਲ ਚੋਰੀ ਹੋਣ ਦੀ ਲਿਖਤੀ ਸ਼ਿਕਾਇਤ ਸਥਾਨਕ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਗੁਹਾਰ ਲਗਾਈ ਹੈ ਕਿ ਉਸ ਦਾ ਰੁਜ਼ਗਾਰ ਬਚਾਉਣ ਲਈ ਮੋਟਰਸਾਈਕਲ ਜਲਦ ਲੱਭ ਕੇ ਦਿੱਤਾ ਜਾਵੇ।
ਲਗਾਤਾਰ ਵੱਧ ਰਹੀਆਂ ਨੇ ਵਾਰਦਾਤਾਂ
ਇਸ ਇਲਾਕੇ ਦੇ ਨਿਵਾਸੀਆਂ ਅਤੇ ਦੁਕਾਨਦਾਰਾਂ ਵਿੱਚ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹਨੂੰਮਾਨ ਚੌਂਕ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਕੁਝ ਦਿਨ ਪਹਿਲਾਂ ਹੀ ਇਸੇ ਜਗ੍ਹਾ ਤੋਂ ਇੱਕ ਔਰਤ ਦਾ ਪਰਸ ਖੋਹ ਲਿਆ ਗਿਆ ਸੀ ਅਤੇ ਉਸ ਤੋਂ ਪਹਿਲਾਂ ਵੀ ਮੋਟਰਸਾਈਕਲ ਸਵਾਰ ਲੁਟੇਰੇ ਇੱਕ ਔਰਤ ਦਾ ਮੋਬਾਈਲ ਝਪਟ ਕੇ ਫ਼ਰਾਰ ਹੋ ਗਏ ਸਨ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਵਿਅਸਤ ਚੌਂਕ ਵਿੱਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਆਮ ਲੋਕ ਸੁਰੱਖਿਅਤ ਮਹਿਸੂਸ ਕਰ ਸਕਣ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



