ਗੁਰਦਾਸਪੁਰ : ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਮੁੱਖ ਮਾਰਗ ‘ਤੇ ਪਿੰਡ ਵੜੈਚ ਦੇ ਨਜ਼ਦੀਕ ਇੱਕ ਬਲੈਰੋ ਜੀਪ ਅਤੇ ਮੋਟਰਸਾਈਕਲ ਵਿਚਕਾਰ ਹੋਈ ਜ਼ਬਰਦਸਤ ਸਿੱਧੀ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਮੌਕੇ ‘ਤੇ ਚੀਕ-ਚਿਹਾਰਾ ਮਚ ਗਿਆ ਅਤੇ ਸੜਕ ਦੇ ਦੋਵਾਂ ਪਾਸਿਆਂ ‘ਤੇ ਵਾਹਨਾਂ ਦਾ ਲੰਮਾ ਜਾਮ ਲੱਗ ਗਿਆ। ਸੂਚਨਾ ਮਿਲਦੇ ਹੀ ਕਾਹਨੂੰਵਾਨ ਥਾਣੇ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ।
ਪੁਲਿਸ ਜਾਂਚ ਅਤੇ ਪਰਿਵਾਰਕ ਮੈਂਬਰਾਂ ਮੁਤਾਬਕ, ਸੁਖਪਿੰਦਰ ਸਿੰਘ ਤੇ ਅਰਸ਼ਦੀਪ ਸਿੰਘ ਆਪਣੇ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕੋਟ ਟੋਡਰ ਮੱਲ ਤੋਂ ਸਠਿਆਲੀ ਵੱਲ ਜਾ ਰਹੇ ਸਨ। ਜਦੋਂ ਉਹ ਪਿੰਡ ਵੜੈਚ ਦੇ ਕੋਲ ਪਹੁੰਚੇ, ਤਾਂ ਸਾਹਮਣੇ ਤੋਂ ਆ ਰਹੀ ਇੱਕ ਬਲੈਰੋ ਕੈਂਪਰ ਜੀਪ ਨਾਲ ਉਨ੍ਹਾਂ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ਵਿੱਚ ਇੱਕ ਨੌਜਵਾਨ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।
ਪੁਲਿਸ ਨੇ ਜ਼ਖ਼ਮੀ ਨੂੰ ਪਹੁੰਚਾਇਆ ਹਸਪਤਾਲ
ਘਟਨਾ ਸਥਾਨ ‘ਤੇ ਮੌਜੂਦ ਕੁਝ ਚਸ਼ਮਦੀਦ ਗਵਾਹਾਂ ਮੁਤਾਬਕ ਮੋਟਰਸਾਈਕਲ ਦੀ ਰਫ਼ਤਾਰ ਕਾਫੀ ਤੇਜ਼ ਸੀ, ਜਿਸ ਕਾਰਨ ਉਹ ਸਾਹਮਣੇ ਤੋਂ ਆ ਰਹੀ ਜੀਪ ਨਾਲ ਜਾ ਟਕਰਾਇਆ। ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਐਂਬੂਲੈਂਸ ਬੁਲਾ ਕੇ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ।
ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਊਟੀ ਅਫ਼ਸਰ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਮਾਪਿਆਂ ਤੇ ਸਾਥੀਆਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ। ਦੂਜੇ ਪਾਸੇ, ਜੀਪ ਦੇ ਮਾਲਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Amritsar Encounter : ਟਾਰਗੇਟ ਕਿਲਿੰਗ ਦੀ ਵੱਡੀ ਸਾਜ਼ਿਸ਼ ਨਾਕਾਮ, ਥਾਰ ਗੱਡੀ ਤੇ ਹਥਿਆਰਾਂ ਸਮੇਤ 2 ਕਾਬੂ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

