ਤਰਨ ਤਾਰਨ : ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਭੈਣੀ ਸਿੱਧਵਾਂ ਵਿਖੇ ਉਸ ਵੇਲੇ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ, ਜਦੋਂ ਕੁਝ ਨਿਹੰਗ ਸਿੰਘਾਂ ਵੱਲੋਂ ਇੱਕ ਸਥਾਨਕ ਨਿਵਾਸੀ ਦੇ ਘਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ, ਉੱਥੇ ਮੌਜੂਦ ਧਿਰ ਵੱਲੋਂ ਘਰ ਦੇ ਅੰਦਰ ਪਿਆ ਪਰਿਵਾਰ ਦਾ ਸਾਰਾ ਸਮਾਨ ਚੁੱਕ ਕੇ ਬਾਹਰ ਸੁੱਟ ਦਿੱਤਾ ਗਿਆ ਅਤੇ ਜ਼ਬਰਦਸਤੀ ਘਰ ਨੂੰ ਆਪਣੇ ਕਬਜ਼ੇ ਵਿੱਚ ਲੈਣ ਦਾ ਯਤਨ ਕੀਤਾ ਗਿਆ। ਹਾਲਾਂਕਿ, ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ ਪੁਲਿਸ ਦੀ ਤੁਰੰਤ ਕਾਰਵਾਈ ਅਤੇ ਮੁਸਤੈਦੀ ਸਦਕਾ ਇੱਕ ਬਹੁਤ ਵੱਡਾ ਹਾਦਸਾ ਅਤੇ ਖ਼ੂਨੀ ਟਕਰਾਅ ਹੋਣੋਂ ਬਚ ਗਿਆ।
ਘਟਨਾ ਤੋਂ ਤੁਰੰਤ ਬਾਅਦ ਪੀੜਤ ਮਨਜੀਤ ਸਿੰਘ ਦੇ ਪਰਿਵਾਰ ਵੱਲੋਂ ਇਸ ਸਬੰਧੀ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੂੰ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀਐੱਸਪੀ ਗੋਇੰਦਵਾਲ ਸਾਹਿਬ ਹਰਿੰਦਰ ਸਿੰਘ ਅਤੇ ਐੱਸਐੱਚਓ ਸਦਰ ਨਵਦੀਪ ਭੱਟੀ ਭਾਰੀ ਪੁਲਿਸ ਫੋਰਸ ਸਣੇ ਤੁਰੰਤ ਮੌਕੇ ‘ਤੇ ਪਹੁੰਚੇ। ਪੁਲਿਸ ਦੇ ਪਹੁੰਚਣ ‘ਤੇ ਮਾਹੌਲ ਕਾਫੀ ਗਰਮਾ ਗਿਆ ਅਤੇ ਨਿਹੰਗ ਸਿੰਘਾਂ ਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਤਿੱਖੀ ਬਹਿਸਬਾਜ਼ੀ ਸ਼ੁਰੂ ਹੋ ਗਈ।
ਅਜਿਹੀ ਨਾਜ਼ੁਕ ਘੜੀ ਵਿੱਚ ਡੀਐੱਸਪੀ ਹਰਿੰਦਰ ਸਿੰਘ ਅਤੇ ਐੱਸਐੱਚਓ ਨਵਦੀਪ ਭੱਟੀ ਨੇ ਬੜੀ ਸੂਝਬੂਝ, ਧੀਰਜ ਅਤੇ ਕਾਨੂੰਨੀ ਤਰੀਕੇ ਨਾਲ ਕਾਰਵਾਈ ਕਰਦਿਆਂ ਉੱਥੇ ਮੌਜੂਦ ਹਲਚਲ ਨੂੰ ਸ਼ਾਂਤ ਕੀਤਾ। ਪੁਲਿਸ ਦੀ ਸਖ਼ਤ ਦਖਲਅੰਦਾਜ਼ੀ ਤੋਂ ਬਾਅਦ ਘਰ ’ਤੇ ਨਜਾਇਜ਼ ਕਬਜ਼ਾ ਕਰਨ ਦੀ ਇਹ ਕੋਸ਼ਿਸ਼ ਪੂਰੀ ਤਰ੍ਹਾਂ ਨਾਕਾਮ ਰਹੀ ਅਤੇ ਪੀੜਤ ਪਰਿਵਾਰ ਨੂੰ ਉਨ੍ਹਾਂ ਦਾ ਹੱਕ ਵਾਪਸ ਮਿਲਿਆ।
ਆਖ਼ਰਕਾਰ ਪੁਲਿਸ ਦੇ ਸਾਰਥਕ ਯਤਨਾਂ ਸਦਕਾ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਿਆ, ਜਿਸ ਤੋਂ ਬਾਅਦ ਰਾਹਤ ਮਹਿਸੂਸ ਕਰਦਿਆਂ ਮਨਜੀਤ ਸਿੰਘ ਦੇ ਪਰਿਵਾਰ ਨੇ ਡੀਐੱਸਪੀ ਹਰਿੰਦਰ ਸਿੰਘ ਅਤੇ ਐੱਸਐੱਚਓ ਨਵਦੀਪ ਭੱਟੀ ਸਮੇਤ ਸਮੁੱਚੀ ਪੁਲਿਸ ਟੀਮ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



