ਜਲੰਧਰ : 11 ਦਿਨ ਪਹਿਲਾਂ ਕਿਸ਼ਨਪੁਰਾ ਰੋਡ ‘ਤੇ ਸਥਿਤ ‘BMS ਫੈਸ਼ਨ ਸ਼ੋਰੂਮ’ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ ਦੇ ਮਾਮਲੇ ਵਿੱਚ ਜਲੰਧਰ ਪੁਲਿਸ ਨੂੰ ਇੱਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਨੇ ਇੱਕ ਮੁਠਭੇੜ ਦੌਰਾਨ ਮੁੱਖ ਮੁਲਜ਼ਮ ਨਵਲ ਉਰਫ਼ ਬਿੱਲਾ ਨੂੰ ਕਾਬੂ ਕਰ ਲਿਆ ਹੈ। ਇਸ ਕਾਰਵਾਈ ਦੌਰਾਨ ਮੁਲਜ਼ਮ ਵੱਲੋਂ ਪੁਲਿਸ ‘ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਦੇ ਜਵਾਬ ਵਿੱਚ ਪੁਲਿਸ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗ ਗਈ। ਜ਼ਖ਼ਮੀ ਹਾਲਤ ਵਿੱਚ ਮੁਲਜ਼ਮ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡੀਸੀਪੀ (DCP) ਮਨਪ੍ਰੀਤ ਢਿੱਲੋਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਸ ਪੂਰੇ ਮਾਮਲੇ ਦਾ ਖ਼ੁਲਾਸਾ ਕੀਤਾ ਹੈ।
50 ਲੱਖ ਦੀ ਫਿਰੌਤੀ ਲਈ ਚਲਾਈਆਂ ਸਨ ਗੋਲੀਆਂ
ਡੀਸੀਪੀ ਮਨਪ੍ਰੀਤ ਢਿੱਲੋਂ ਨੇ ਦੱਸਿਆ ਕਿ ਬੀਤੀ 12 ਜੂਨ ਨੂੰ ਕਿਸ਼ਨਪੁਰਾ ਚੌਕ ਨੇੜੇ ਸਥਿਤ BMS ਸ਼ੋਰੂਮ ‘ਤੇ ਬਾਈਕ ਸਵਾਰ ਦੋ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮਾਂ ਵੱਲੋਂ ਸ਼ੋਰੂਮ ਮਾਲਕ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਮਾਮਲੇ ਵਿੱਚ ਸ਼ਾਮਲ ਇੱਕ ਮੁਲਜ਼ਮ ‘ਕੁਸ਼’ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਦੂਜਾ ਮੁਲਜ਼ਮ ਨਵਲ ਉਰਫ਼ ਬਿੱਲਾ ਫ਼ਰਾਰ ਚੱਲ ਰਿਹਾ ਸੀ।
ਹਥਿਆਰ ਬਰਾਮਦਗੀ ਦੌਰਾਨ ਪੁਲਿਸ ‘ਤੇ ਚਲਾਈਆਂ ਗੋਲੀਆਂ
ਪੁਲਿਸ ਨੇ ਦੋ ਦਿਨ ਪਹਿਲਾਂ ਮੁਲਜ਼ਮ ਬਿੱਲਾ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚੋਂ ਰਿਮਾਂਡ ਹਾਸਲ ਕੀਤਾ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਸਨੇ ਵਾਰਦਾਤ ਵਿੱਚ ਵਰਤਿਆ ਬਾਈਕ ਜਮਸ਼ੇਰ ਡੇਅਰੀ ਦੇ ਕੋਲ ਲੁਕਾ ਕੇ ਰੱਖਿਆ ਹੋਇਆ ਹੈ। ਜਦੋਂ ਸੀਆਈਏ (CIA) ਸਟਾਫ਼ ਦੇ ਇੰਚਾਰਜ ਸੁਰਿੰਦਰ ਸਿੰਘ ਆਪਣੀ ਟੀਮ ਨਾਲ ਮੁਲਜ਼ਮ ਨੂੰ ਲੈ ਕੇ ਬਰਾਮਦਗੀ ਲਈ ਮੌਕੇ ‘ਤੇ ਪਹੁੰਚੇ, ਤਾਂ ਬਿੱਲਾ ਨੇ ਉੱਥੇ ਛੁਪਾ ਕੇ ਰੱਖੇ ਹਥਿਆਰ ਨਾਲ ਪੁਲਿਸ ਟੀਮ ‘ਤੇ ਅਚਾਨਕ ਫਾਇਰਿੰਗ ਕਰ ਦਿੱਤੀ। ਮੁਲਜ਼ਮ ਨੇ ਪੁਲਿਸ ਨੂੰ ਉੱਥੇ ਹਥਿਆਰ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ।
ਪੁਲਿਸ ਦੀ ਜਵਾਬੀ ਕਾਰਵਾਈ ਅਤੇ ਗ੍ਰਿਫ਼ਤਾਰੀ
ਮੁਲਜ਼ਮ ਬਿੱਲਾ ਵੱਲੋਂ ਪੁਲਿਸ ‘ਤੇ ਕਰੀਬ 4 ਤੋਂ 5 ਰਾਊਂਡ ਫਾਇਰ ਕੀਤੇ ਗਏ। ਪੁਲਿਸ ਪਾਰਟੀ ਨੇ ਆਪਣਾ ਬਚਾਅ ਕਰਦੇ ਹੋਏ ਜਵਾਬੀ ਗੋਲੀਬਾਰੀ ਕੀਤੀ, ਜਿਸ ਵਿੱਚ ਇੱਕ ਗੋਲੀ ਮੁਲਜ਼ਮ ਦੀ ਲੱਤ ਵਿੱਚ ਜਾ ਲੱਗੀ ਅਤੇ ਉਹ ਉੱਥੇ ਹੀ ਡਿੱਗ ਪਿਆ। ਪੁਲਿਸ ਨੇ ਮੁਲਜ਼ਮ ਨੂੰ ਤੁਰੰਤ ਹਿਰਾਸਤ ਵਿੱਚ ਲੈ ਕੇ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਹੈ।
ਵਿਦੇਸ਼ੀ ਹੈਂਡਲਰ ‘ਏਕਮ’ ਦੇ ਇਸ਼ਾਰੇ ‘ਤੇ ਹੋਈ ਸੀ ਫਾਇਰਿੰਗ
ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਾਰੀ ਵਾਰਦਾਤ ਵਿਦੇਸ਼ ਵਿੱਚ ਬੈਠੇ ਅਪਰਾਧੀ ‘ਏਕਮ’ ਦੇ ਇਸ਼ਾਰੇ ‘ਤੇ ਕੀਤੀ ਗਈ ਸੀ। ਏਕਮ ਨੇ ਹੀ ਮੁਲਜ਼ਮਾਂ ਨੂੰ ਸ਼ੋਰੂਮ ‘ਤੇ ਫਾਇਰਿੰਗ ਕਰਨ ਅਤੇ ਡਰ ਪੈਦਾ ਕਰਨ ਲਈ ਪੈਸੇ ਦਿੱਤੇ ਸਨ। ਪੁਲਿਸ ਮੁਤਾਬਕ ਫੜੇ ਗਏ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ 2 ਅਪਰਾਧਿਕ ਮਾਮਲੇ ਦਰਜ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਪੁੱਛਗਿੱਛ ਵਿੱਚ ਕਈ ਹੋਰ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



