ਪੰਜਾਬ ਦੇ ਪਟਿਆਲਾ ‘ਚ ਜਨਮ ਦਿਨ ਵਾਲੇ ਦਿਨ ਕੇਕ ਖਾਣ ਨਾਲ ਹੋਈ ਲੜਕੀ ਦੀ ਮੌਤ ਦੇ ਮਾਮਲੇ ‘ਚ ਵੱਡੇ ਖੁਲਾਸੇ ਹੋਏ ਹਨ। ਜਿਹੜੀ ਬੇਕਰੀ ਤੋਂ ਪਰਿਵਾਰ ਨੇ ਕੇਕ ਮੰਗਵਾਇਆ ਸੀ, ਉਹ ਨਕਲੀ ਨਿਕਲੀ। ਰਜਿਸਟਰ ਕਾਨ੍ਹਾ ਬੇਕਰੀ ਕਰਵਾਈ ਗਈ ਸੀ ਜਦਕਿ ਕੇਕ ਨਿਊ ਇੰਡੀਆ ਬੇਕਰੀ ਤੋਂ ਭੇਜੇ ਜਾਂਦੇ ਸਨ। ਇਹ ਖੁਲਾਸਾ ਉਸੇ ਬੇਕਰੀ ਤੋਂ ਦੁਬਾਰਾ ਕੇਕ ਮੰਗਵਾਉਣ ਤੋਂ ਬਾਅਦ ਹੋਇਆ। ਡਿਲੀਵਰੀ ਕਰਨ ਆਏ ਏਜੰਟ ਨੂੰ ਫੜਨ ਤੋਂ ਬਾਅਦ ਸਾਰਾ ਸੱਚ ਸਾਹਮਣੇ ਆਇਆ। ਇਸ ਤੋਂ ਇਲਾਵਾ, ਇਹ ਗੱਲ ਵੀ ਸਾਹਮਣੇ ਆਈ ਕਿ ਬੇਕਰੀ ਵਿਚ ਸਟਾਫ 35 ਤੋਂ 40 ਕੇਕ ਪਹਿਲਾਂ ਹੀ ਅੱਧੇ ਤਿਆਰ ਕਰ ਕੇ ਫਰਿੱਜ ਵਿਚ ਰੱਖ ਲੈਂਦਾ ਸੀ। ਆਨ ਲਾਈਨ ਆਰਡਰ ਮਿਲਣ ਤੋਂ ਬਾਅਦ ਕੁਝ ਹੀ ਮਿੰਟਾਂ ਵਿਚ ਕੇਕ ਤਿਆਰ ਕਰ ਕੇ ਡਿਲੀਵਰ ਕਰ ਦਿੱਤਾ ਜਾਂਦਾ ਸੀ।
ਇਸ ਮਾਮਲੇ ਵਿਚ ਪੁਲਿਸ ਨੇ ਬੇਕਰੀ ਮਾਲਕ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਨਿਊ ਇੰਡੀਆ ਬੇਕਰੀ ਦੇ ਮੈਨੇਜਰ ਰਣਜੀਤ, ਕਰਮਚਾਰੀ ਪਵਨ ਅਤੇ ਵਿਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲੇ ਬੇਕਰੀ ਮਾਲਕ ਫਰਾਰ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਦੂਜੇ ਪਾਸੇ ਇਸ ਮਾਮਲੇ ‘ਚ ਆਨਲਾਈਨ ਫੂਡ ਡਿਲੀਵਰੀ ਐਪ ਜ਼ੋਮੈਟੋ ਨੇ ਵੀ ਇਸ ਫਰਮ ਨੂੰ ਆਪਣੀ ਸੂਚੀ ਤੋਂ ਹਟਾ ਦਿੱਤਾ ਹੈ।
ਪਰਿਵਾਰਕ ਮੈਂਬਰਾਂ ਨੇ ਕੇਕ ਦੇਣ ਆਏ ਡਿਲੀਵਰੀ ਏਜੰਟ ਨੂੰ ਕੀਤਾ ਕਾਬੂ
30 ਮਾਰਚ ਨੂੰ ਪਰਿਵਾਰ ਨੇ ਦੁਬਾਰਾ ਜ਼ੋਮੈਟੋ ਰਾਹੀਂ ਕਾਨਹਾ ਫਰਮ ਤੋਂ ਕੇਕ ਮੰਗਵਾਇਆ ਸੀ । ਇਸ ਤੋਂ ਬਾਅਦ ਜਦੋਂ ਡਿਲੀਵਰੀ ਏਜੰਟ ਕੇਕ ਦੀ ਡਿਲੀਵਰੀ ਦੇਣ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਫੜ ਲਿਆ। ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਪੁਲਿਸ ਡਿਲੀਵਰੀ ਏਜੰਟ ਦੇ ਨਾਲ ਕੇਕ ਭੇਜ ਕੇ ਦੁਕਾਨ ‘ਤੇ ਪਹੁੰਚੀ। ਇੱਥੇ ਇਹ ਗੱਲ ਸਾਹਮਣੇ ਆਈ ਕਿ ਕਾਨ੍ਹਾ ਫਰਮ ਫਰਜ਼ੀ ਸੀ। ਕੇਕ ਨਿਊ ਇੰਡੀਆ ਬੇਕਰੀ ਤੋਂ ਭੇਜਿਆ ਗਿਆ ਸੀ।
ਤਾਜ਼ੇ ਨਹੀਂ ਭੇਜੇ ਜਾਂਦੇ ਕੇਕ ! 30 ਤੋਂ 40 ਕੇਕ ਅੱਧੇ ਤਿਆਰ ਕਰ ਕੇ ਪਹਿਲਾਂ ਹੀ ਰੱਖ ਦਿੱਤੇ ਜਾਂਦੇ ਸੀ ਫਰਿੱਜ ਵਿਚ
ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਉਕਤ ਬੇਕਰੀ ’ਚ ਸਟਾਫ 35 ਤੋਂ 40 ਕੇਕ ਪਹਿਲਾਂ ਹੀ ਅੱਧੇ ਤਿਆਰ ਕਰ ਕੇ ਫਰਿੱਜ ’ਚ ਰੱਖਦਾ ਸੀ। ਆਨਲਾਈਨ ਆਰਡਰ ਮਿਲਣ ਤੋਂ ਬਾਅਦ ਕੇਕ ਨੂੰ ਕੁਝ ਮਿੰਟਾਂ ’ਚ ਹੀ ਤਿਆਰ ਕਰ ਦਿੱਤਾ ਜਾਂਦਾ ਸੀ ਤੇ ਡਿਲੀਵਰੀ ਲਈ ਭੇਜ ਦਿੱਤਾ ਜਾਂਦਾ ਸੀ। ਇਸ ਦੌਰਾਨ ਇਸਤੇਮਾਲ ਕੀਤੀ ਗਈ ਸਮੱਗਰੀ ਦੀ ਜਾਂਚ ਕੋਈ ਵੀ ਨਹੀਂ ਕਰਦਾ ਸੀ। ਇਹ ਜਾਣਕਾਰੀ ਨਿਊ ਇੰਡੀਆ ਬੇਕਰੀ ਦੇ ਗ੍ਰਿਫ਼ਤਾਰ ਸਟਾਫ ਨੇ ਪੁਲਿਸ ਰਿਮਾਂਡ ਦੌਰਾਨ ਦਿੱਤੀ ਹੈ।
ਥਾਣਾ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਮਾਨਵੀ ਦੇ ਪੋਸਟਮਾਰਟਮ ਤੋਂ ਬਾਅਦ ਵਿਸਰਾ ਲੈਬ ’ਚ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨ ਤੇ ਕੇਕ ਦੀ ਕੁਆਲਿਟੀ ਦਾ ਪਤਾ ਲੱਗੇਗਾ। ਫਿਲਹਾਲ, ਪੁਲਿਸ ਨੇ ਜ਼ੋਮੈਟੋ ਤੋਂ ਆਨਲਾਈਨ ਕੇਕ ਡਲਿਵਰੀ ਕਰਨ ਵਾਲੀ ਫਰਮ ਦੇ ਰਜਿਸਟ੍ਰੇਸ਼ਨ ਦੀ ਲਿਖਤੀ ਡਿਟੇਲ ਮੰਗੀ ਹੈ। ਇਸ ਤੋਂ ਇਲਾਵਾ ਜ਼ੋਮੈਟੋ ’ਤੇ ਰਜਿਸਟਰਡ ਮੋਬਾਈਲ ਤੇ ਗ੍ਰਿਫ਼ਤਾਰ ਮੁਲਜ਼ਮਾਂ ਦੇ ਮੋਬਾਈਲ ਦੀ ਕਾਲ ਡਿਟੇਲ ਵੀ ਪੁਲਿਸ ਖੰਘਾਲ ਰਹੀ ਹੈ। ਸੋਮਵਾਰ ਨੂੰ ਵੀ ਨਿਊ ਇੰਡੀਆ ਬੇਕਰੀ ਬੰਦ ਰਹੀ। ਇਸ ਦੌਰਾਨ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਕਿ ਖਾਣ ਦੀਆਂ ਚੀਜ਼ਾਂ ਆਨਲਾਈਨ ਮੰਗਵਾਉਣ ਤੋਂ ਪਹਿਲਾਂ ਉਸ ਫਰਮ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਜ਼ਰੂਰ ਹਾਸਲ ਕਰੋ। ਚੌਕਸੀ ਵਰਤ ਕੇ ਹੀ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।
ਆਪਣੇ ਪੱਧਰ ਉਤੇ ਵੀ ਜਾਂਚ ਕਰੇਗਾ ਪਰਿਵਾਰ
ਉੱਧਰ, ਬੱਚੀ ਦੇ ਨਾਨਾ ਹਰਬੰਸ ਲਾਲ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ’ਚ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ। ਉਨ੍ਹਾਂ ਦੀ ਦੋਹਤੀ ਮਾਨਵੀ ਦੀ ਮੌਤ ਆਨਲਾਈਨ ਆਰਡਰ ਕੀਤੇ ਕੇਕ ਖਾਣ ਤੋਂ ਬਾਅਦ ਹੋਈ ਹੈ। ਉਨ੍ਹਾਂ ਸ਼ੰਕਾ ਹੈ ਕਿ ਮੁਲਜ਼ਮ ਬੇਕਰੀ ਦਾ ਮਾਲਕ ਆਪਣੀ ਪਹੁੰਚ ਦਾ ਫ਼ਾਇਦਾ ਉਠਾ ਕੇ ਸੈਂਪਲ ’ਚ ਹੇਰਫੇਰ ਕਰ ਸਕਦਾ ਹੈ, ਇਸ ਲਈ ਉਹ ਆਪਣੇ ਪੱਧਰ ’ਤੇ ਕੇਕ ਦੀ ਸੈਂਪਲ ਰਿਪੋਰਟ ਤਿਆਰ ਕਰਵਾਉਣਗੇ।



