ਚੰਡੀਗੜ੍ਹ : ਪੰਜਾਬ ਦੇ 104 ਸ਼ਹਿਰੀ ਨਿਕਾਇਆਂ (8 ਨਗਰ ਨਿਗਮ, 75 ਨਗਰ ਕੌਂਸਲ ਅਤੇ 21 ਨਗਰ ਪੰਚਾਇਤਾਂ) ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ 8:00 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ੁਰੂ ਹੋ ਗਈ ਹੈ। ਸੂਬੇ ਭਰ ਵਿੱਚ ਬਣਾਏ ਗਏ 115 ਚੋਣ ਕੇਂਦਰਾਂ ਤੋਂ ਆ ਰਹੇ ਸ਼ੁਰੂਆਤੀ ਨਤੀਜਿਆਂ ਅਤੇ ਰੁਝਾਨਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਨੂੰ ਪਛਾੜ ਕੇ ਦੂਜਾ ਸਥਾਨ ਬਣਾ ਲਿਆ ਹੈ।
ਹੁਣ ਤੱਕ ਦੇ ਚੋਣ ਨਤੀਜਿਆਂ ਦੀ ਸਥਿਤੀ
ਪੰਜਾਬ ਨਿਕਾਏ ਚੋਣਾਂ ਦੇ ਹੁਣ ਤੱਕ ਸਾਹਮਣੇ ਆਏ ਅਧਿਕਾਰਤ ਅੰਕੜਿਆਂ ਮੁਤਾਬਕ ਵੱਖ-ਵੱਖ ਪਾਰਟੀਆਂ ਦੀ ਸਥਿਤੀ ਕੁਝ ਇਸ ਪ੍ਰਕਾਰ ਹੈ। ਆਮ ਆਦਮੀ ਪਾਰਟੀ ਨੇ 94 ਸੀਟਾਂ ਜਿੱਤੀਆਂ ਹੋਈਆਂ ਹਨ | ਸ਼੍ਰੋਮਣੀ ਅਕਾਲੀ ਦਲ ਨੇ 26 ਸੀਟਾਂ ਜਿੱਤੀਆਂ ਹੋਈਆਂ ਹਨ | ਕਾਂਗਰਸ ਨੇ 18 ਸੀਟਾਂ ਜਿੱਤੀਆਂ ਹੋਈਆਂ ਹਨ। ਭਾਰਤੀ ਜਨਤਾ ਪਾਰਟੀ ਨੇ 02 ਸੀਟਾਂ ਜਿੱਤੀਆਂ ਹੋਈਆਂ ਹਨ।
ਸੰਗਰੂਰ, ਅਬੋਹਰ ਅਤੇ ਕਪੂਰਥਲਾ ਦੇ ਮੁੱਖ ਨਤੀਜੇ
ਸੰਗਰੂਰ ‘ਚ ਆਮ ਆਦਮੀ ਪਾਰਟੀ ਨੇ ਹੂੰਝਾਫੇਰ ਜਿੱਤ ਦਰਜ ਕੀਤੀ ਹੈ। ਵਾਰਡ ਨੰਬਰ 2 ਤੋਂ ਪੁਸ਼ਪਿੰਦਰ ਕੁਮਾਰ, ਵਾਰਡ 3 ਤੋਂ ਕਿਰਨ ਸ਼ਰਮਾ, ਵਾਰਡ 6 ਤੋਂ ਅਸ਼ਵਨੀ ਕੁਮਾਰ ਧੀਰ, ਵਾਰਡ 11 ਤੋਂ ਸ਼ਸ਼ੀ ਰਾਣੀ ਅਤੇ ਵਾਰਡ 12 ਤੋਂ ਜਸਵੀਰ ਸਿੰਘ (ਸਾਰੇ ‘ਆਪ’) ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਅਬੋਹਰ ਨਗਰ ਨਿਗਮ ਦੇ 7 ਵਾਰਡਾਂ ਦੇ ਨਤੀਜਿਆਂ ਵਿੱਚੋਂ 5 ਸੀਟਾਂ ‘ਤੇ ‘ਆਪ’ ਨੇ ਕਬਜ਼ਾ ਕੀਤਾ ਹੈ, ਜਦਕਿ 2 ਸੀਟਾਂ ਭਾਜਪਾ ਦੇ ਖਾਤੇ ਗਈਆਂ ਹਨ। ਕਪੂਰਥਲਾ ‘ਚ ਕਾਂਗਰਸ ਲਈ ਰਾਹਤ ਦੀ ਖ਼ਬਰ ਆਈ ਹੈ, ਜਿੱਥੇ ਕਾਂਗਰਸ ਨੇ ਵਾਰਡ ਨੰਬਰ 1 , 6, 7 ਅਤੇ 11 ਸਮੇਤ ਕੁੱਲ ਚਾਰ ਵਾਰਡਾਂ ਵਿੱਚ ਜਿੱਤ ਦਰਜ ਕੀਤੀ ਹੈ। ਭਵਾਨੀਗੜ੍ਹ ‘ਚ ਇੱਥੋਂ ਦੇ 15 ਵਾਰਡਾਂ ਵਿੱਚੋਂ ਕਾਂਗਰਸ 3, ‘ਆਪ’ 2 ਅਤੇ ਅਕਾਲੀ ਦਲ 1 ਸੀਟ ‘ਤੇ ਜੇਤੂ ਰਿਹਾ ਹੈ।
ਸਮਰਾਲਾ, ਬਠਿੰਡਾ ਅਤੇ ਗੋਨਿਆਣਾ ਦੀ ਸਥਿਤੀ
ਸ਼ੁਰੂਆਤੀ ਰੁਝਾਨਾਂ ਮੁਤਾਬਕ ਸਮਰਾਲਾ ਵਿੱਚ ਅਕਾਲੀ ਦਲ ਅਤੇ ‘ਆਪ’ 4-4 ਵਾਰਡਾਂ ਵਿੱਚ ਅੱਗੇ ਚੱਲ ਰਹੇ ਹਨ, ਜਦਕਿ ਕਾਂਗਰਸ ਤੇ ਭਾਜਪਾ 1-1 ਵਾਰਡ ਵਿੱਚ ਲੀਡ ਬਣਾਏ ਹੋਏ ਹਨ। ਬਠਿੰਡਾ ਦੇ ਕੋਟਫੱਤਾ (ਵਾਰਡ 3) ਤੋਂ ਆਜ਼ਾਦ ਉਮੀਦਵਾਰ ਸੁਖਦੀਪ ਕੌਰ 288 ਵੋਟਾਂ ਨਾਲ ਜੇਤੂ ਰਹੇ। ਕੋਟਸ਼ਮੀਰ ਵਿੱਚ ਅਕਾਲੀ ਦਲ ਨੇ 3 ਵਾਰਡਾਂ ‘ਤੇ ਜਿੱਤ ਹਾਸਲ ਕੀਤੀ ਹੈ। ਗੋਨਿਆਣਾ ਦੇ ਵਾਰਡ 1 ਤੋਂ ਆਜ਼ਾਦ ਉਮੀਦਵਾਰ ਗੁਰਮੀਤ ਕੌਰ ਅਤੇ ਵਾਰਡ 3 ਤੋਂ ਮੰਜੂ ਜੈਨ ਜੇਤੂ ਰਹੇ, ਜਦਕਿ ਵਾਰਡ 2 ਤੋਂ ‘ਆਪ’ ਦੇ ਕਸ਼ਮੀਰੀ ਲਾਲ ਨੇ ਜਿੱਤ ਦਰਜ ਕੀਤੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Municipal elections: ਫਿਰੋਜ਼ਪੁਰ, ਜ਼ੀਰਾ ਤੇ ਤਲਵੰਡੀ ਭਾਈ ਦੇ ਨਤੀਜੇ ਅੱਜ; ਗਿਣਤੀ ਕੇਂਦਰਾਂ ‘ਤੇ ਤਿਆਰੀਆਂ ਮੁਕੰਮਲ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



