ਚੰਡੀਗੜ੍ਹ-ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿਚ ਮੌਸਮ ਨੇ ਕਰਵਟ ਲੈ ਲਈ ਹੈ। ਰਾਤ ਤੋਂ ਹੀ ਰੁਕ-ਰੁਕ ਕੇ ਪਰ ਤੇਜ਼ ਮੀਂਹ ਪੈ ਰਿਹਾ ਹੈ। ਤੇਜ਼ ਹਵਾਵਾਂ ਤੇ ਗੜ੍ਹੇਮਾਰੀ ਨੇ ਵੀ ਆਪਣੇ ਰੰਗ ਵਿਖਾਏ। ਮੌਸਮ ਵਿਭਾਗ ਨੇ ਪਿਛਲੇ ਦਿਨੀਂ ਸੰਭਾਵਨਾ ਪ੍ਰਗਟਾਈ ਸੀ ਕਿ ਜਲਦ ਪੰਜਾਬ ਤੇ ਨੇੜਲੇ ਇਲਾਕਿਆਂ ਵਿਚ ਮੀਂਹ ਪਵੇਗਾ ਤੇ ਨਾਲ ਹਵਾਵਾਂ ਵੀ ਚੱਲਣਗੀਆਂ। ਮੀਂਹ ਤੇ ਹਨੇਰੀ ਨੇ ਭਾਵੇਂ ਤਾਪਮਾਨ ਵਿਚ ਕਮੀ ਕਰ ਦਿੱਤੀ ਹੈ ਪਰ ਇਸ ਕਾਰਨ ਕਿਸਾਨਾਂ ਦੀ ਫਸਲਾਂ ਨੂੰ ਜ਼ਰੂਰ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਨਾਲ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੀ। ਹਨੇਰੀ ਕਾਰਨ ਰੁੱਖ ਵੀ ਜੜ੍ਹੋਂ ਪੱਟੇ ਗਏ, ਜਿਸ ਕਾਰਨ ਆਵਾਜਾਈ ਵਿਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਗਿਆਨੀਆਂ ਦੇ ਮੁਤਾਬਕ 27 ਮਾਰਚ ਨੂੰ ਇੱਕ ਪੱਛਮੀ ਗੜਬੜੀ ਹਿਮਾਲੀਅਨ ਖੇਤਰ ਵਿੱਚ ਆਈ ਹੈ। ਇਸ ਕਾਰਨ ਹਿਮਾਲਿਆ ਦੇ ਉੱਚੇ ਪਹਾੜੀ ਇਲਾਕਿਆਂ ‘ਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਜਦੋਂ ਕਿ ਦਿੱਲੀ-ਐਨਸੀਆਰ ਸਮੇਤ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ। ਇਸ ਗੜਬੜੀ ਦੇ ਲੰਘਣ ਤੋਂ ਬਾਅਦ 2 ਹੋਰ ਗੜਬੜੀਆਂ ਆ ਰਹੀਆਂ ਹਨ। ਇਹ ਮੀਂਹ ਗਰਮੀ ਨੂੰ ਘੱਟ ਕਰਨ ਵਿੱਚ ਸਹਾਈ ਹੋਵੇਗਾ ਪਰ ਇਸ ਨਾਲ ਖੇਤਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ।
ਅੱਜ ਤੇ ਕੱਲ੍ਹ ਲਈ ਅਲਰਟ ਜਾਰੀ
ਉਧਰ, ਮੌਸਮ ਵਿਭਾਗ ਨੇ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਵਿੱਚ ਅੱਜ ਅਤੇ ਕੱਲ੍ਹ ਲਈ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਦੋ ਦਿਨਾਂ ਦੌਰਾਨ ਪੰਜਾਬ ਵਿੱਚ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਇਸ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਵਿਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਉੱਤਰੀ ਹਿੱਸਿਆਂ ਵਿੱਚ ਗੜ੍ਹੇ ਪੈਣ ਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਮੀਂਹ ਕਾਰਨ ਦਿਨ ਦੇ ਤਾਪਮਾਨ ਵਿੱਚ ਤਿੰਨ ਤੋਂ ਚਾਰ ਡਿਗਰੀ ਦੀ ਗਿਰਾਵਟ ਆ ਸਕਦੀ ਹੈ ਪਰ ਇਸ ਤੋਂ ਬਾਅਦ ਸੋਮਵਾਰ ਤੋਂ ਵੱਧ ਤੋਂ ਵੱਧ ਤਾਪਮਾਨ ਫਿਰ ਵਧ ਜਾਵੇਗਾ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਮਾਹਿਰ ਸ਼ਵਿੰਦਰਾ ਅਨੁਸਾਰ ਮੀਂਹ ਕਾਰਨ ਦਿਨ ਦਾ ਤਾਪਮਾਨ ਤਿੰਨ ਤੋਂ ਚਾਰ ਡਿਗਰੀ ਤੱਕ ਹੇਠਾਂ ਆ ਸਕਦਾ ਹੈ।
