ਗੁਰਦਾਸਪੁਰ: ਦੇਸ਼ ਦੀ ਸੇਵਾ ਵਿੱਚ ਤਾਇਨਾਤ ਪੰਜਾਬ ਦਾ ਇੱਕ ਫੌਜੀ ਜਵਾਨ ਡਿਊਟੀ ‘ਤੇ ਪਰਤਦੇ ਸਮੇਂ ਰਸਤੇ ਵਿੱਚੋਂ ਹੀ ਭੇਦਭਰੇ ਹਾਲਾਤ ਵਿੱਚ ਲਾਪਤਾ ਹੋ ਗਿਆ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਦਾਖਲਾ ਦਾ ਰਹਿਣ ਵਾਲਾ 27 ਸਾਲਾ ਜਵਾਨ ਜਸਵਿੰਦਰ ਕੁਮਾਰ ਬੀਤੀ 17 ਮਈ ਤੋਂ ਲਾਪਤਾ ਹੈ, ਜਿਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸ ਘਟਨਾ ਤੋਂ ਬਾਅਦ ਜਵਾਨ ਦੇ ਘਰ ਵਿੱਚ ਚੀਕ-ਚਿਹਾਰਾ ਮਚਿਆ ਹੋਇਆ ਹੈ ਅਤੇ ਪਰਿਵਾਰ ਨੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਅਗਵਾ ਕਰ ਲਿਆ ਗਿਆ ਹੈ।
ਅੰਮ੍ਰਿਤਸਰ ਤੋਂ ਚੜ੍ਹਿਆ ਸੀ ਟ੍ਰੇਨ
ਮਿਲੀ ਜਾਣਕਾਰੀ ਮੁਤਾਬਕ ਡੋਗਰਾ ਰੈਜੀਮੈਂਟ ਵਿੱਚ ਤਾਇਨਾਤ ਜਸਵਿੰਦਰ ਕੁਮਾਰ ਆਪਣੀ ਛੁੱਟੀ ਕੱਟਣ ਤੋਂ ਬਾਅਦ 17 ਮਈ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਟ੍ਰੇਨ ਰਾਹੀਂ ਅਸਾਮ ਦੇ ਦਿਬੜੂਗੜ੍ਹ ਸਥਿਤ ਆਪਣੀ ਯੂਨਿਟ ਲਈ ਰਵਾਨਾ ਹੋਇਆ ਸੀ। ਫੌਜੀ ਯੂਨਿਟ ਵੱਲੋਂ ਮਿਲੀ ਅਧਿਕਾਰਤ ਜਾਣਕਾਰੀ ਅਨੁਸਾਰ, ਜਸਵਿੰਦਰ ਨੂੰ ਆਖਰੀ ਵਾਰ ਦਿਬੜੂਗੜ੍ਹ ਰੇਲਵੇ ਸਟੇਸ਼ਨ ‘ਤੇ ਦੇਖਿਆ ਗਿਆ ਸੀ, ਪਰ ਉਸ ਤੋਂ ਬਾਅਦ ਉਹ ਆਪਣੀ ਰੈਜੀਮੈਂਟ ਵਿੱਚ ਰਿਪੋਰਟ ਕਰਨ ਨਹੀਂ ਪਹੁੰਚਿਆ ਅਤੇ ਨਾ ਹੀ ਉਸ ਦਾ ਪਰਿਵਾਰ ਨਾਲ ਕੋਈ ਸੰਪਰਕ ਹੋ ਸਕਿਆ।
ਅਸਾਮੀ ਵਿਅਕਤੀ ਨੇ ਚੁੱਕਿਆ ਫੋਨ
ਇਸ ਮਾਮਲੇ ਵਿੱਚ ਇੱਕ ਨਵਾਂ ਅਤੇ ਚਿੰਤਾਜਨਕ ਮੋੜ ਉਦੋਂ ਆਇਆ ਜਦੋਂ ਲਗਾਤਾਰ ਬੰਦ ਆ ਰਿਹਾ ਜਸਵਿੰਦਰ ਦਾ ਮੋਬਾਈਲ ਫੋਨ 23 ਮਈ ਨੂੰ ਅਚਾਨਕ ਇੱਕ ਦਿਨ ਲਈ ਚੱਲਿਆ। ਜਦੋਂ ਪਰਿਵਾਰ ਨੇ ਉਸ ਨੰਬਰ ‘ਤੇ ਸੰਪਰਕ ਕੀਤਾ ਤਾਂ ਅੱਗੋਂ ਜਸਵਿੰਦਰ ਦੀ ਬਜਾਏ ਅਸਾਮ ਦਾ ਕੋਈ ਅਣਪਛਾਤਾ ਵਿਅਕਤੀ ਬੋਲ ਰਿਹਾ ਸੀ। ਇਸ ਗੱਲਬਾਤ ਤੋਂ ਬਾਅਦ ਜਸਵਿੰਦਰ ਦਾ ਫੋਨ ਦੁਬਾਰਾ ਬੰਦ ਹੋ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਜਸਵਿੰਦਰ ਦਾ ਫੋਨ ਕਿਸੇ ਹੋਰ ਦੇ ਹੱਥ ਲੱਗ ਚੁੱਕਾ ਹੈ, ਜਿਸ ਕਾਰਨ ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਜਸਵਿੰਦਰ ਕਿਸੇ ਸਾਜ਼ਿਸ਼ ਜਾਂ ਅਗਵਾਕਾਰਾਂ ਦਾ ਸ਼ਿਕਾਰ ਹੋ ਗਿਆ ਹੈ।
ਸਰਕਾਰ ਨੂੰ ਲੱਭਣ ਦੀ ਅਪੀਲ
ਲਾਪਤਾ ਜਵਾਨ ਜਸਵਿੰਦਰ ਕੁਮਾਰ ਦੇ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ ਅਤੇ ਉਹ ਆਪਣੇ ਘਰ ਦਾ ਇਕਲੌਤਾ ਕਮਾਊ ਪੁੱਤਰ ਹੈ। ਘਰ ਵਿੱਚ ਮੌਜੂਦ ਉਸ ਦੀ ਬਜ਼ੁਰਗ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੀੜਤ ਮਾਂ ਦੀ ਗੁਹਾਰ “ਮੇਰਾ ਪੁੱਤਰ ਦੇਸ਼ ਦੀ ਰੱਖਿਆ ਲਈ ਡਿਊਟੀ ‘ਤੇ ਗਿਆ ਸੀ। ਮੈਂ ਸਰਕਾਰ, ਭਾਰਤੀ ਸੈਨਾ ਅਤੇ ਪੁਲਿਸ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਮੇਰੇ ਪੁੱਤਰ ਨੂੰ ਜਲਦੀ ਤੋਂ ਜਲਦੀ ਲੱਭ ਕੇ ਮੇਰੀ ਗੋਦ ਵਿੱਚ ਵਾਪਸ ਲਿਆਂਦਾ ਜਾਵੇ।” ਪਰਿਵਾਰ ਨੇ ਉੱਚ ਅਧਿਕਾਰੀਆਂ ਅਤੇ ਰੱਖਿਆ ਮੰਤਰਾਲੇ ਨੂੰ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਅਤੇ ਅਸਾਮ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਜਸਵਿੰਦਰ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਬਰਨਾਲਾ ‘ਚ MP Meet Hayer ਨੇ ਪਤਨੀ ਸਮੇਤ ਪਾਈ ਵੋਟ, ਕਿਹਾ- ‘ਆਪ’ ਸਰਕਾਰ ਨੇ ਪੰਜਾਬ ‘ਚ ਕਰਵਾਏ ਇਤਿਹਾਸਕ ਵਿਕਾਸ ਕਾਰਜ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



