ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਇੱਕ ਵੱਡੇ ਫ਼ੌਜੀ ਆਪ੍ਰੇਸ਼ਨ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਮਰੀਕੀ ਫ਼ੌਜ ਨੇ ਨਾਈਜੀਰੀਆ ਵਿੱਚ ਇਸਲਾਮਿਕ ਸਟੇਟ (ISIS) ਦੂਜੇ ਸਭ ਤੋਂ ਸ਼ਕਤੀਸ਼ਾਲੀ ਆਲਮੀ ਕਮਾਂਡਰ ਅਬੂ-ਬਿਲਾਲ ਅਲ-ਮਿਨੁਕੀ ਨੂੰ ਖ਼ਤਮ ਕਰ ਦਿੱਤਾ ਹੈ। ਇਸ ਅੱਤਵਾਦੀ ਨੂੰ ਦੁਨੀਆ ਭਰ ਵਿੱਚ ISIS ਦੇ ਨੈੱਟਵਰਕ ਦਾ ਦੂਜਾ ਸਭ ਤੋਂ ਵੱਡਾ ਆਗੂ ਮੰਨਿਆ ਜਾਂਦਾ ਸੀ, ਜਿਸ ਦਾ ਖ਼ਤਮਾ ਅੱਤਵਾਦ ਵਿਰੁੱਧ ਜੰਗ ਵਿੱਚ ਇੱਕ ਅਹਿਮ ਮੀਲ ਪੱਥਰ ਹੈ।
‘ਟਰੁੱਥ ਸੋਸ਼ਲ’ ‘ਤੇ ਦਿੱਤੀ ਜਾਣਕਾਰੀ
ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁੱਥ ਸੋਸ਼ਲ’ ‘ਤੇ ਇਸ ਖ਼ਬਰ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਇਹ ਇੱਕ ਬੇਹੱਦ ਗੁੰਝਲਦਾਰ ਅਤੇ ਯੋਜਨਾਬੱਧ ਮਿਸ਼ਨ ਸੀ। ਉਨ੍ਹਾਂ ਦੱਸਿਆ ਕਿ ਅਮਰੀਕੀ ਫ਼ੌਜ ਅਤੇ ਨਾਈਜੀਰੀਆ ਦੀਆਂ ਹਥਿਆਰਬੰਦ ਸੈਨਾਵਾਂ ਨੇ ਮਿਲ ਕੇ ਪੂਰੀ ਸਟੀਕਤਾ ਨਾਲ ਇਸ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ। ਟਰੰਪ ਨੇ ਅਲ-ਮਿਨੁਕੀ ਨੂੰ ਦੁਨੀਆ ਦਾ ਸਭ ਤੋਂ ਸਰਗਰਮ ਅਤੇ ਖ਼ਤਰਨਾਕ ਅੱਤਵਾਦੀ ਕਰਾਰ ਦਿੱਤਾ।
ਅਫਰੀਕਾ ਵਿੱਚ ਲੁਕਿਆ ਹੋਇਆ ਸੀ ਅੱਤਵਾਦੀ
ਟਰੰਪ ਅਨੁਸਾਰ, ਅਲ-ਮਿਨੁਕੀ ਨੂੰ ਭੁਲੇਖਾ ਸੀ ਕਿ ਉਹ ਅਫਰੀਕਾ ਦੇ ਇਲਾਕਿਆਂ ਵਿੱਚ ਲੁਕ ਕੇ ਬਚ ਸਕਦਾ ਹੈ, ਪਰ ਅਮਰੀਕੀ ਖ਼ੁਫ਼ੀਆ ਏਜੰਸੀਆਂ ਉਸ ਦੀ ਹਰ ਹਰਕਤ ‘ਤੇ ਨਜ਼ਰ ਰੱਖ ਰਹੀਆਂ ਸਨ। ਟਰੰਪ ਨੇ ਇਸ ਸਫ਼ਲਤਾ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਇਹ ਅੱਤਵਾਦੀ ਅਫਰੀਕਾ ਦੇ ਲੋਕਾਂ ਨੂੰ ਡਰਾ ਨਹੀਂ ਸਕੇਗਾ ਅਤੇ ਨਾ ਹੀ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਈ ਸਾਜ਼ਿਸ਼ ਰਚ ਸਕੇਗਾ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ISIS ਦਾ ਆਲਮੀ ਨੈੱਟਵਰਕ ਬੁਰੀ ਤਰ੍ਹਾਂ ਕਮਜ਼ੋਰ ਹੋ ਜਾਵੇਗਾ।
ਕੌਣ ਸੀ ਅਬੂ-ਬਿਲਾਲ ਅਲ-ਮਿਨੁਕੀ?
ਅਲ-ਮਿਨੁਕੀ, ਜਿਸ ਨੂੰ ਅਬੂ ਬਕਰ ਇਬਨ ਮੁਹੰਮਦ ਇਬਨ ਅਲੀ ਅਲ-ਮੈਨੁਕੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ, ਮੁੱਖ ਤੌਰ ‘ਤੇ ਅਫਰੀਕਾ ਦੇ ਸਾਹੇਲ (Sahel) ਖੇਤਰ ਵਿੱਚ ਸਰਗਰਮ ਸੀ। ਇਹ ਵਿਸ਼ਾਲ ਖੇਤਰ ਅਟਲਾਂਟਿਕ ਮਹਾਸਾਗਰ ਤੋਂ ਲਾਲ ਸਾਗਰ ਤੱਕ ਫੈਲਿਆ ਹੋਇਆ ਹੈ, ਜਿਸ ਵਿੱਚ ਸੇਨੇਗਲ, ਮਾਲੀ, ਨਾਈਜੀਰੀਆ ਅਤੇ ਸੂਡਾਨ ਵਰਗੇ ਦੇਸ਼ ਸ਼ਾਮਲ ਹਨ। ਉਹ ‘ਇਸਲਾਮਿਕ ਸਟੇਟ ਵੈਸਟ ਅਫਰੀਕਾ ਪ੍ਰੋਵਿੰਸ’ (ISWAP) ਦਾ ਸੀਨੀਅਰ ਕਮਾਂਡਰ ਸੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਅੱਤਵਾਦੀ ਗੁੱਟਾਂ ਨੂੰ ਫੰਡਿੰਗ ਅਤੇ ਨਿਰਦੇਸ਼ ਮੁਹੱਈਆ ਕਰਵਾਉਂਦਾ ਸੀ।
ਵਿਸ਼ੇਸ਼ ਤੌਰ ‘ਤੇ ਨਾਮਜ਼ਦ ਅੱਤਵਾਦੀ ਸੀ ਅਲ-ਮਿਨੁਕੀ
ਜ਼ਿਕਰਯੋਗ ਹੈ ਕਿ ਉਸ ਦੀਆਂ ਖ਼ਤਰਨਾਕ ਗਤੀਵਿਧੀਆਂ ਕਾਰਨ ਅਮਰੀਕੀ ਵਿਦੇਸ਼ ਵਿਭਾਗ ਨੇ ਜੂਨ 2023 ਵਿੱਚ ਉਸ ਨੂੰ ‘ਵਿਸ਼ੇਸ਼ ਤੌਰ ‘ਤੇ ਨਾਮਜ਼ਦ ਗਲੋਬਲ ਅੱਤਵਾਦੀ’ (SDGT) ਐਲਾਨਿਆ ਸੀ। ਰਾਸ਼ਟਰਪਤੀ ਟਰੰਪ ਨੇ ਇਸ ਮਿਸ਼ਨ ਨੂੰ ਸਫ਼ਲ ਬਣਾਉਣ ਵਾਲੇ ਸੈਨਿਕਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਅਤੇ ਨਾਈਜੀਰੀਆ ਸਰਕਾਰ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਇਸ ਨੂੰ ਪੂਰੀ ਦੁਨੀਆ ਲਈ ਇੱਕ ਵੱਡੀ ਰਾਹਤ ਦੱਸਿਆ।



