ਨਕੋਦਰ : ਨਕੋਦਰ ਤੋਂ ਜਗਰਾਉਂ ਨੂੰ ਜੋੜਨ ਵਾਲੀ ਮੁੱਖ ਸੜਕ, ਜੋ ਲੰਬੇ ਸਮੇਂ ਤੋਂ ਬੇਹੱਦ ਖਸਤਾ ਹਾਲਤ ਵਿੱਚ ਸੀ, ਦੇ ਦਿਨ ਹੁਣ ਫਿਰਨ ਵਾਲੇ ਹਨ। ਹਲਕਾ ਵਿਧਾਇਕਾ ਇੰਦਰਜੀਤ ਕੌਰ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਇਸ ਸੜਕ ਦੇ ਨਿਰਮਾਣ ਦਾ ਕੰਮ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸੜਕ ਦੀ ਮਾੜੀ ਹਾਲਤ ਕਾਰਨ ਇੱਥੇ ਆਏ ਦਿਨ ਹਾਦਸੇ ਵਾਪਰਦੇ ਸਨ, ਜਿਸ ਕਾਰਨ ਲੋਕਾਂ ਵੱਲੋਂ ਲਗਾਤਾਰ ਇਸ ਨੂੰ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ।
30 ਦਿਨਾਂ ਲਈ ਆਵਾਜਾਈ ਰਹੇਗੀ ਬੰਦ
ਵਿਧਾਇਕਾ ਇੰਦਰਜੀਤ ਕੌਰ ਮਾਨ ਦੀ ਅਗਵਾਈ ਹੇਠ ਜਾਰੀ ਪ੍ਰੈਸ ਨੋਟ ਅਨੁਸਾਰ, ਨਕੋਦਰ-ਨੂਰਮਹਿਲ ਸੜਕ ਤੋਂ ਲੈ ਕੇ ਮਹਿਤਪੁਰ ਤੱਕ ਦੇ ਨਿਰਮਾਣ ਕਾਰਜਾਂ ਕਾਰਨ ਅਗਲੇ 30 ਦਿਨਾਂ ਲਈ ਇਸ ਮਾਰਗ ‘ਤੇ ਆਮ ਜਨਤਾ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਮਾਣ ਕਾਰਜ ਵਿੱਚ ਸਹਿਯੋਗ ਦੇਣ ਲਈ ਬਦਲਵੇਂ ਰੂਟਾਂ ਦੀ ਵਰਤੋਂ ਕਰਨ।
ਆਵਾਜਾਈ ਲਈ ਨਵੇਂ ਨਿਰਧਾਰਿਤ ਰੂਟ
ਸੜਕ ਬੰਦ ਹੋਣ ਕਾਰਨ ਯਾਤਰੀਆਂ ਦੀ ਸਹੂਲਤ ਲਈ ਹੇਠ ਲਿਖੇ ਬਦਲਵੇਂ ਰੂਟ ਤੈਅ ਕੀਤੇ ਗਏ ਹਨ। ਨਕੋਦਰ/ਜਲੰਧਰ ਤੋਂ ਜਗਰਾਉਂ ਜਾਣ ਲਈ ਵਾਹਨ ਬੀਰ ਪਿੰਡ ਤੋਂ ਮੌਹਿਮ ਪਿੰਡ ਰਾਹੀਂ ਹੁੰਦੇ ਹੋਏ ਮਹਿਤਪੁਰ ਨਿਕਲ ਸਕਣਗੇ। ਮੋਗਾ ਜਾਣ ਵਾਲੇ ਯਾਤਰੀਆਂ ਲਈ ਜਲੰਧਰ ਜਾਂ ਨਕੋਦਰ ਤੋਂ ਮੋਗਾ ਜਾਣ ਵਾਲੀ ਟ੍ਰੈਫਿਕ ਪੰਡੋਰੀ ਖਾਸ ਤੋਂ ਨੈਸ਼ਨਲ ਹਾਈਵੇ (ਮੋਗਾ-ਜਲੰਧਰ ਰੋਡ) ਦੀ ਵਰਤੋਂ ਕਰੇਗੀ।
ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ
ਸੜਕ ਦਾ ਕੰਮ ਸ਼ੁਰੂ ਹੋਣ ਦੀ ਖ਼ਬਰ ਮਿਲਦਿਆਂ ਹੀ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੇ ਸੁੱਖ ਦਾ ਸਾਹ ਲਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਦੇ ਬਣਨ ਨਾਲ ਨਾ ਸਿਰਫ ਸਫਰ ਸੌਖਾ ਹੋਵੇਗਾ, ਸਗੋਂ ਹਾਦਸਿਆਂ ‘ਤੇ ਵੀ ਲਗਾਮ ਲੱਗੇਗੀ। ਸਥਾਨਕ ਲੋਕਾਂ ਨੇ ਇਸ ਉਪਰਾਲੇ ਲਈ ਵਿਧਾਇਕਾ ਇੰਦਰਜੀਤ ਕੌਰ ਮਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ।


