ਚੰਡੀਗੜ੍ਹ: ਪੰਜਾਬ ਵਿੱਚ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ 10 ਮਈ ਤੋਂ ਸੂਬੇ ਵਿੱਚ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਦੇ ਪ੍ਰਭਾਵ ਕਾਰਨ 11 ਮਈ ਤੋਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੌਸਮ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ। ਵਿਭਾਗ ਨੇ ਅਗਲੇ ਚਾਰ ਦਿਨਾਂ ਲਈ ਸੂਬੇ ਵਿੱਚ ‘ਯੈਲੋ ਅਲਰਟ’ ਜਾਰੀ ਕੀਤਾ ਹੈ।
ਮੀਂਹ ਅਤੇ ਤੇਜ਼ ਹਵਾਵਾਂ ਨਾਲ ਡਿੱਗੇਗਾ ਪਾਰਾ
ਮੌਸਮ ਵਿਗਿਆਨੀਆਂ ਮੁਤਾਬਕ 11 ਮਈ ਤੋਂ ਸੂਬੇ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਕਈ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। ਇਸ ਬਦਲਾਅ ਕਾਰਨ ਤਾਪਮਾਨ ਵਿੱਚ 4 ਤੋਂ 5 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੇਗੀ। ਫਿਲਹਾਲ ਮੌਸਮ ਖੁਸ਼ਕ ਬਣਿਆ ਹੋਇਆ ਹੈ ਅਤੇ ਸ਼ੁੱਕਰਵਾਰ ਨੂੰ ਤਾਪਮਾਨ ਵਿੱਚ 0.8 ਡਿਗਰੀ ਦਾ ਮਾਮੂਲੀ ਵਾਧਾ ਦੇਖਿਆ ਗਿਆ।
ਬਠਿੰਡਾ ਰਿਹਾ ਸਭ ਤੋਂ ਗਰਮ
ਪਿਛਲੇ 24 ਘੰਟਿਆਂ ਦੌਰਾਨ ਬਠਿੰਡਾ 38.1 ਡਿਗਰੀ ਸੈਲਸੀਅਸ ਤਾਪਮਾਨ ਨਾਲ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਦੂਜੇ ਪਾਸੇ, ਰੂਪਨਗਰ ਵਿੱਚ ਸਭ ਤੋਂ ਘੱਟ ਨਿਊਨਤਮ ਤਾਪਮਾਨ 16.5 ਡਿਗਰੀ ਦਰਜ ਕੀਤਾ ਗਿਆ। ਹਾਲਾਂਕਿ ਇਸ ਸਮੇਂ ਔਸਤ ਤਾਪਮਾਨ ਆਮ ਨਾਲੋਂ 5 ਡਿਗਰੀ ਘੱਟ ਚੱਲ ਰਿਹਾ ਹੈ ਅਤੇ ਰਾਤਾਂ ਦਾ ਤਾਪਮਾਨ ਵੀ ਆਮ ਦੇ ਨੇੜੇ ਹੀ ਬਣਿਆ ਹੋਇਆ ਹੈ।ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ 11 ਮਈ ਤੋਂ 14 ਮਈ ਦਰਮਿਆਨ ਖਰਾਬ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਜ਼ਰੂਰੀ ਸਾਵਧਾਨੀਆਂ ਵਰਤਣ। ਖੇਤਾਂ ਵਿੱਚ ਖੜ੍ਹੀਆਂ ਫਸਲਾਂ ਜਾਂ ਕੰਮਕਾਜ ਲਈ ਤੇਜ਼ ਹਵਾਵਾਂ ਦੇ ਮੱਦੇਨਜ਼ਰ ਚੌਕਸ ਰਹਿਣ ਦੀ ਲੋੜ ਹੈ।



