ਨਵੀਂ ਦਿੱਲੀ: ਅਰੁਣ ਜੇਟਲੀ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ ਦੇ ਰੋਮਾਂਚਕ ਮੁਕਾਬਲੇ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਦਿੱਲੀ ਕੈਪੀਟਲਜ਼ ਨੂੰ 8 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਹੈ। ਅਨੁਕੂਲ ਰਾਏ ਅਤੇ ਕਾਰਤਿਕ ਤਿਆਗੀ ਦੀ ਘਾਤਕ ਗੇਂਦਬਾਜ਼ੀ ਤੋਂ ਬਾਅਦ ਫਿਨ ਐਲਨ ਦੀਆਂ ਧੂੰਆਂਧਾਰ ਛੱਕਿਆਂ ਦੀ ਬਾਰਿਸ਼ ਨੇ ਕੇਕੇਆਰ ਦੀ ਜਿੱਤ ਆਸਾਨ ਕਰ ਦਿੱਤੀ। ਇਸ ਹਾਰ ਨਾਲ ਦਿੱਲੀ ਦੀ ਆਪਣੇ ਘਰੇਲੂ ਮੈਦਾਨ ‘ਤੇ ਲਗਾਤਾਰ ਪੰਜਵੀਂ ਹਾਰ ਦਰਜ ਹੋਈ ਹੈ।
ਫਿਨ ਐਲਨ ਦਾ ਧਮਾਕੇਦਾਰ ਸੈਂਕੜਾ
143 ਸਕੋਰ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੇਕੇਆਰ ਦੀ ਸ਼ੁਰੂਆਤ ਭਾਵੇਂ ਧੀਮੀ ਰਹੀ, ਜਦੋਂ ਕਪਤਾਨ ਅਜਿੰਕਿਆ ਰਹਾਣੇ (13) ਤੇ ਅੰਗਕ੍ਰਿਸ਼ ਰਘੂਵੰਸ਼ੀ (1) ਜਲਦੀ ਆਊਟ ਹੋ ਗਏ। ਪਰ ਇਸ ਤੋਂ ਬਾਅਦ ਫਿਨ ਐਲਨ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਟਾਂ ਦੀ ਬਾਰਿਸ਼ ਕਰ ਦਿੱਤੀ। ਐਲਨ ਨੇ ਮਹਿਜ਼ 47 ਗੇਂਦਾਂ ਵਿੱਚ ਨਾਬਾਦ 100 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ 10 ਆਸਮਾਨੀ ਛੱਕੇ ਅਤੇ 5 ਚੌਕੇ ਸ਼ਾਮਲ ਸਨ। ਕੈਮਰਨ ਗ੍ਰੀਨ (33 ਨਾਬਾਦ) ਨੇ ਦੂਜੇ ਪਾਸੇ ਤੋਂ ਐਲਨ ਦਾ ਬਾਖੂਬੀ ਸਾਥ ਦਿੱਤਾ ਅਤੇ ਦੋਵਾਂ ਨੇ ਤੀਜੀ ਵਿਕਟ ਲਈ 116 ਦੌੜਾਂ ਦੀ ਅਟੂਟ ਸਾਂਝੇਦਾਰੀ ਕਰਕੇ 14.2 ਓਵਰਾਂ ਵਿੱਚ ਹੀ ਮੈਚ ਖਤਮ ਕਰ ਦਿੱਤਾ।
ਦਿੱਲੀ ਦੀ ਬੱਲੇਬਾਜ਼ੀ ਰਹੀ ਫਲਾਪ
ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਦਿੱਲੀ ਕੈਪੀਟਲਜ਼ ਦੀ ਟੀਮ ਨਿਰਧਾਰਿਤ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ ਸਿਰਫ਼ 142 ਸਕੋਰ ਹੀ ਬਣਾ ਸਕੀ। ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ ਨੇ 50 ਦੌੜਾਂ ਦੀ ਅੱਧ-ਸੈਂਕੜੇ ਵਾਲੀ ਪਾਰੀ ਖੇਡੀ ਅਤੇ ਅੰਤ ਵਿੱਚ ਆਸ਼ੂਤੋਸ਼ ਸ਼ਰਮਾ ਨੇ 39 ਸਕੋਰਾਂ ਦਾ ਯੋਗਦਾਨ ਪਾਇਆ। ਹਾਲਾਂਕਿ, ਕੇਐਲ ਰਾਹੁਲ (23), ਨਿਤੀਸ਼ ਰਾਣਾ (8) ਅਤੇ ਕਪਤਾਨ ਅਕਸ਼ਰ ਪਟੇਲ (11) ਵਰਗੇ ਦਿੱਗਜ ਬੱਲੇਬਾਜ਼ ਵੱਡਾ ਸਕੋਰ ਬਣਾਉਣ ਵਿੱਚ ਨਾਕਾਮ ਰਹੇ।
KKR ਦੀ ਗੇਂਦਬਾਜ਼ੀ ਨੇ ਦਿੱਤੇ ਝਟਕੇ
ਕੋਲਕਾਤਾ ਦੇ ਗੇਂਦਬਾਜ਼ਾਂ ਨੇ ਸ਼ੁਰੂ ਤੋਂ ਹੀ ਦਿੱਲੀ ਦੇ ਬੱਲੇਬਾਜ਼ਾਂ ‘ਤੇ ਦਬਾਅ ਬਣਾਈ ਰੱਖਿਆ। ਕਾਰਤਿਕ ਤਿਆਗੀ ਨੇ ਸ਼ਾਨਦਾਰ ਸਪੈੱਲ ਕਰਦਿਆਂ 4 ਓਵਰਾਂ ਵਿੱਚ 25 ਸਕੋਰਾਂ ਦੇ ਕੇ 2 ਵਿਕਟਾਂ ਲਈਆਂ। ਉਸ ਦੇ ਨਾਲ ਹੀ ਅਨੁਕੂਲ ਰਾਏ ਨੇ ਵੀ 2 ਅਹਿਮ ਵਿਕਟਾਂ ਝਟਕਾਈਆਂ। ਸੁਨੀਲ ਨਰੇਨ ਨੇ ਸਮੀਰ ਰਿਜ਼ਵੀ ਨੂੰ ਆਊਟ ਕਰਕੇ ਦਿੱਲੀ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਸਨ।
ਪੁਆਇੰਟ ਟੇਬਲ ਦੀ ਸਥਿਤੀ
ਇਸ ਜਿੱਤ ਨਾਲ ਕੇਕੇਆਰ ਹੁਣ 9 ਅੰਕਾਂ ਦੇ ਨਾਲ ਅੰਕ ਸੂਚੀ ਵਿੱਚ ਸੱਤਵੇਂ ਸਥਾਨ ‘ਤੇ ਪਹੁੰਚ ਗਈ ਹੈ। ਦੂਜੇ ਪਾਸੇ, ਦਿੱਲੀ ਕੈਪੀਟਲਜ਼ 8 ਅੰਕਾਂ ਅਤੇ ਖ਼ਰਾਬ ਨੈੱਟ ਰਨ ਰੇਟ (-1.154) ਕਾਰਨ ਅੱਠਵੇਂ ਸਥਾਨ ‘ਤੇ ਖਿਸਕ ਗਈ ਹੈ। ਦਿੱਲੀ ਲਈ ਪਲੇਅ-ਆਫ ਦੀ ਰਾਹ ਹੁਣ ਹੋਰ ਵੀ ਚੁਣੌਤੀਪੂਰਨ ਹੋ ਗਈ ਹੈ।



