ਗੁਰਦਾਸਪੁਰ: ਗੁਰਦਾਸਪੁਰ ਦੀ ਬਟਾਲਾ ਰੋਡ ‘ਤੇ ਅੱਜ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਸਰਕਾਰੀ ਪਸ਼ੂ ਹਸਪਤਾਲ ਦੇ ਸਾਹਮਣੇ ਜ਼ਮੀਨਦੋਜ਼ ਗੈਸ ਪਾਈਪਲਾਈਨ ਅਚਾਨਕ ਲੀਕ ਹੋ ਗਈ। ਗੈਸ ਦੇ ਰਿਸਾਅ ਕਾਰਨ ਆਸ-ਪਾਸ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕ ਸਹਿਮ ਗਏ।
ਖੰਭਾ ਲਗਾਉਣ ਲਈ ਪੁੱਟੇ ਗਏ ਟੋਏ ਦੌਰਾਨ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਅਨੁਸਾਰ, ਬਿਜਲੀ ਵਿਭਾਗ ਵੱਲੋਂ ਬਿਜਲੀ ਦੇ ਖੰਭੇ ਨੂੰ ਪਿੱਛੇ ਹਟਾਉਣ ਲਈ ਖੁਦਾਈ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਦੌਰਾਨ ਜੇਸੀਬੀ ਜਾਂ ਸੰਦਾਂ ਦੀ ਲਪੇਟ ਵਿੱਚ ਆਉਣ ਕਾਰਨ ਗੁਜਰਾਤ ਗੈਸ ਪ੍ਰਾਈਵੇਟ ਲਿਮਿਟਿਡ ਦੀ ਭੂਮੀਗਤ ਪਾਈਪਲਾਈਨ ਨੁਕਸਾਨੀ ਗਈ, ਜਿਸ ਨਾਲ ਗੈਸ ਦਾ ਰਿਸਾਅ ਸ਼ੁਰੂ ਹੋ ਗਿਆ। ਖੁਸ਼ਕਿਸਮਤੀ ਰਹੀ ਕਿ ਸਮੇਂ ਰਹਿੰਦੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।
ਪ੍ਰਸ਼ਾਸਨਿਕ ਅਮਲਾ ਅਤੇ ਫਾਇਰ ਬ੍ਰਿਗੇਡ ਮੌਕੇ ‘ਤੇ ਤਾਇਨਾਤ
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ, ਪ੍ਰਸ਼ਾਸਨਿਕ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਨੂੰ ਘੇਰਾਬੰਦੀ ਵਿੱਚ ਲੈ ਲਿਆ ਗਿਆ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ।
ਇਸ ਮੌਕੇ ਪਹੁੰਚੇ ਏਡੀਸੀ ਗੁਰਸਿਮਰਨ ਸਿੰਘ ਨੇ ਦੱਸਿਆ ਕਿ ਗੁਜਰਾਤ ਗੈਸ ਕੰਪਨੀ ਦੇ ਤਕਨੀਕੀ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹ ਰਸਤੇ ਵਿੱਚ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਕੰਪਨੀ ਦੇ ਮਾਹਿਰਾਂ ਵੱਲੋਂ ਪਾਈਪਲਾਈਨ ਦੀ ਮੁਰੰਮਤ ਕਰਕੇ ਹਾਲਾਤਾਂ ‘ਤੇ ਜਲਦ ਹੀ ਪੂਰੀ ਤਰ੍ਹਾਂ ਕਾਬੂ ਪਾ ਲਿਆ ਜਾਵੇਗਾ।


