ਅੰਮ੍ਰਿਤਸਰ: ਆਮ ਆਦਮੀ ਪਾਰਟੀ (AAP) ਵੱਲੋਂ ਹਲਕਾ ਰਾਜਾਸਾਂਸੀ ਵਿੱਚ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਪਾਰਟੀ ਦੀ ਇੰਚਾਰਜ ਸੋਨੀਆ ਮਾਨ ਦੀ ਅਗਵਾਈ ਵਿੱਚ ‘ਆਪ’ ਵਰਕਰਾਂ ਨੇ ਰਾਘਵ ਚੱਢਾ, ਸੰਦੀਪ ਪਾਠਕ, ਅਸ਼ੋਕ ਮਿੱਤਲ ਸਮੇਤ ਸੱਤ ਰਾਜ ਸਭਾ ਮੈਂਬਰਾਂ ਦੇ ਪੁਤਲੇ ਫੂਕੇ। ਇਹ ਪ੍ਰਦਰਸ਼ਨ ਉਕਤ ਆਗੂਆਂ ਦੇ ‘ਆਪ’ ਛੱਡ ਕੇ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋਣ ਦੇ ਵਿਰੋਧ ਵਿੱਚ ਕੀਤਾ ਗਿਆ।
‘ਇਹ ਪੰਜਾਬ ਨਾਲ ਗੱਦਾਰੀ ਹੈ’ – ਸੋਨੀਆ ਮਾਨ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਨੀਆ ਮਾਨ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਇਨ੍ਹਾਂ ਆਗੂਆਂ ਦਾ ਭਾਜਪਾ ਵਿੱਚ ਜਾਣਾ ਸਿਰਫ਼ ਪਾਰਟੀ ਨਾਲ ਹੀ ਨਹੀਂ, ਸਗੋਂ ਪੂਰੇ ਪੰਜਾਬ ਨਾਲ ਧੋਖਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਆਗੂ ਈਡੀ (ED) ਅਤੇ ਹੋਰ ਕੇਂਦਰੀ ਜਾਂਚ ਏਜੰਸੀਆਂ ਦੇ ਦਬਾਅ ਹੇਠ ਭਾਜਪਾ ਵਿੱਚ ਸ਼ਾਮਲ ਹੋਏ ਹਨ। ਮਾਨ ਨੇ ਦਾਅਵਾ ਕੀਤਾ ਕਿ ਇਨ੍ਹਾਂ ਆਗੂਆਂ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਫੀ ਸਮੇਂ ਤੋਂ ਚੱਲ ਰਹੀਆਂ ਸਨ।
ਰਾਘਵ ਚੱਢਾ ‘ਤੇ ਸਾਧਿਆ ਨਿਸ਼ਾਨਾ
ਰਾਘਵ ਚੱਢਾ ਨੂੰ ਰਾਜ ਸਭਾ ਭੇਜਣ ਦੇ ਫੈਸਲੇ ‘ਤੇ ਚੁਟਕੀ ਲੈਂਦਿਆਂ ਸੋਨੀਆ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੀ ਆਵਾਜ਼ ਬਣਨ ਲਈ ਸੰਸਦ ਵਿੱਚ ਭੇਜਿਆ ਗਿਆ ਸੀ, ਪਰ ਉਨ੍ਹਾਂ ਨੇ ਪੰਜਾਬ ਦੇ ਅਸਲ ਮੁੱਦਿਆਂ ਨੂੰ ਅੱਖੋਂ ਪਰੋਖੇ ਕਰਕੇ ਆਪਣਾ ਸਿਆਸੀ ਲਾਭ ਦੇਖਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਆਗੂਆਂ ਦੀ ਸਿਆਸੀ ਚਾਲ ਨੂੰ ਸਮਝ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਆਪਣਾ ਸਿਆਸੀ ਆਧਾਰ ਗੁਆ ਬੈਠਣਗੇ।
‘ਭਾਜਪਾ ਪੰਜਾਬ ਵਿੱਚ ਨਹੀਂ ਟਿਕ ਸਕਦੀ’
ਸੋਨੀਆ ਮਾਨ ਨੇ ਭਾਜਪਾ ਨੂੰ ‘ਪੰਜਾਬ ਵਿਰੋਧੀ’ ਕਰਾਰ ਦਿੰਦਿਆਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਦਾ ਰਵੱਈਆ ਸਭ ਦੇ ਸਾਹਮਣੇ ਸੀ। ਉਨ੍ਹਾਂ ਕਿਹਾ, “ਭਾਜਪਾ ਪੰਜਾਬ ਵਿੱਚ ਆਪਣੀਆਂ ਜੜ੍ਹਾਂ ਕਦੇ ਨਹੀਂ ਲਾ ਸਕੇਗੀ, ਕਿਉਂਕਿ ਪੰਜਾਬੀ ਆਪਣੇ ਹੱਕਾਂ ਲਈ ਡਟ ਕੇ ਖੜ੍ਹੇ ਹੁੰਦੇ ਹਨ।” ਉਨ੍ਹਾਂ ਐਮਐਸਪੀ (MSP), ਹੜ੍ਹ ਰਾਹਤ ਅਤੇ ਹੋਰ ਵਿਕਾਸ ਕਾਰਜਾਂ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੀ ਜਾ ਰਹੀ ਵਿਤਕਰੇਬਾਜ਼ੀ ਦਾ ਵੀ ਜ਼ਿਕਰ ਕੀਤਾ।



