ਸਮਰਾਲਾ: ਪੁਲਿਸ ਨੇ ਇੱਕ ਅਹਿਮ ਕਾਰਵਾਈ ਕਰਦਿਆਂ ਪਿੰਡ ਮਜਾਲੀ ਕਲਾਂ ਦੇ ਸਰਪੰਚ ਅਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪੱਧਰੀ ਅਹੁਦੇਦਾਰ ਬਲਜੀਤ ਸਿੰਘ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਖੁਲਾਸਾ ਡੀਐਸਪੀ ਸਮਰਾਲਾ ਪ੍ਰਿਤਪਾਲ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਤਕਨੀਕੀ ਜਾਂਚ ਅਤੇ ਸੂਤਰਾਂ ਦੀ ਮਦਦ ਨਾਲ ਹੋਇਆ ਖੁਲਾਸਾ
ਡੀਐਸਪੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਰਪੰਚ ਬਲਜੀਤ ਸਿੰਘ ਨੂੰ ਫੋਨ ਕਰਕੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਅਤੇ ਅਜਿਹਾ ਨਾ ਕਰਨ ‘ਤੇ ਗੋਲੀਆਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਪੁਲਿਸ ਦੀ ਟੈਕਨੀਕਲ ਬ੍ਰਾਂਚ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ। ਜਾਂਚ ਦੌਰਾਨ ਸਭ ਤੋਂ ਪਹਿਲਾਂ ਨਿਰਮਲ ਸਿੰਘ ਅਤੇ ਰਾਣੀ (ਵਾਸੀ ਛੋਟਾ ਸੁਰਤਾਪੁਰ, ਚਮਕੌਰ ਸਾਹਿਬ) ਨੂੰ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਨੇ ਇਹ ਸਿਮ ਕਾਰਡ ਕਾਕੂ (ਵਾਸੀ ਲੁਧਿਆਣਾ) ਨੂੰ ਮੁਹੱਈਆ ਕਰਵਾਇਆ ਸੀ।
ਕੜੀ ਨਾਲ ਕੜੀ ਜੋੜ ਕੇ ਫੜਿਆ ਗਿਆ ਪੂਰਾ ਗਰੋਹ
ਪੁਲਿਸ ਨੇ ਜਦੋਂ ਕਾਕੂ ਨੂੰ ਹਿਰਾਸਤ ਵਿੱਚ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਮੁੱਖ ਸਾਜ਼ਿਸ਼ਕਰਤਾਵਾਂ ਦੇ ਨਾਮ ਸਾਹਮਣੇ ਆਏ। ਕਾਕੂ ਨੇ ਮੰਨਿਆ ਕਿ ਉਸਨੇ ਇਹ ਫੋਨ ਅਤੇ ਸਿਮ ਸ਼ਰੀਫ ਅਲੀ (ਵਾਸੀ ਬਾਂਦੇਵਾਲ, ਰੋਪੜ) ਅਤੇ ਹਰਦੀਪ ਸਿੰਘ ਲਾਡੀ ਉਰਫ ਆਜ਼ਾਦ ਬਾਬਾ (ਵਾਸੀ ਮਜਾਲੀ ਕਲਾਂ) ਨੂੰ ਦਿੱਤਾ ਸੀ, ਜਿਨ੍ਹਾਂ ਰਾਹੀਂ ਧਮਕੀ ਭਰੇ ਕਾਲ ਕੀਤੇ ਗਏ ਸਨ। ਪੁਲਿਸ ਨੇ ਮੁਸਤੈਦੀ ਵਰਤਦਿਆਂ ਇਸ ਗਰੋਹ ਦੇ ਸਾਰੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪਹਿਲਾਂ ਵੀ ਅਪਰਾਧਿਕ ਰਿਕਾਰਡ ਰੱਖਦੇ ਹਨ ਦੋਸ਼ੀ
ਡੀਐਸਪੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਸ਼ਰੀਫ ਅਲੀ ਅਤੇ ਹਰਦੀਪ ਸਿੰਘ ਲਾਡੀ 14 ਅਪ੍ਰੈਲ ਨੂੰ ਪਾਇਲ ਵਿਖੇ ਹੋਈ ਫਾਇਰਿੰਗ ਦੀ ਘਟਨਾ ਵਿੱਚ ਵੀ ਲੋੜੀਂਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ‘ਤੇ ਪਹਿਲਾਂ ਵੀ ਸਮਰਾਲਾ, ਪਾਇਲ ਅਤੇ ਮਿਹਰਬਾਨ ਥਾਣਿਆਂ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਹੁਣ ਇਨ੍ਹਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਜਤਾ ਰਹੀ ਹੈ।



