ਪਟਿਆਲਾ : ਪਟਿਆਲਾ ਦੇ ਨੇੜਲੇ ਪਿੰਡ ਲਚਕਾਨੀ ਵਿੱਚ ਇਸ਼ਕ ਦੇ ਚੱਕਰ ਵਿੱਚ ਇੱਕ ਪਤੀ ‘ਤੇ ਜਾਨਲੇਵਾ ਹਮਲਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨਵਕਿਰਨ ਸਿੰਘ ਉਰਫ਼ ਬਨੀ ਨਾਮੀ ਨੌਜਵਾਨ ਨੂੰ ਉਸਦੀ ਪਤਨੀ ਨੇ ਆਪਣੇ ਕਥਿਤ ਪ੍ਰੇਮੀ ਨਾਲ ਮਿਲ ਕੇ ਗੋਲੀ ਮਾਰ ਦਿੱਤੀ। ਜ਼ਖਮੀ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਪਤਨੀ ਨੇ ਪ੍ਰੇਮੀ ਨੂੰ ਘਰ ਬੁਲਾ ਕੇ ਕਰਵਾਇਆ ਹਮਲਾ
ਪੀੜਤ ਨਵਕਿਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਦੋਸ਼ ਲਗਾਉਂਦਿਆਂ ਦੱਸਿਆ ਕਿ ਨਵਕਿਰਨ ਦੀ ਪਤਨੀ ਮਨਪ੍ਰੀਤ ਕੌਰ ਦੇ ਅਮਰਿੰਦਰ ਸਿੰਘ ਉਰਫ਼ ਪੀਟਰ ਢੀਂਡਸਾ ਨਾਲ ਕਥਿਤ ਸਬੰਧ ਸਨ। ਵਾਰਦਾਤ ਵਾਲੇ ਦਿਨ ਮਨਪ੍ਰੀਤ ਨੇ ਅਮਰਿੰਦਰ ਨੂੰ ਆਪਣੇ ਘਰ ਬੁਲਾਇਆ ਸੀ। ਦੋਸ਼ ਹੈ ਕਿ ਪਹਿਲਾਂ ਦੋਵਾਂ ਨੇ ਨਵਕਿਰਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਿਰ ਅਮਰਿੰਦਰ ਨੇ ਪਿਸਤੌਲ ਨਾਲ ਨਵਕਿਰਨ ‘ਤੇ ਗੋਲੀ ਚਲਾ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਤਨੀ ਅਤੇ ਉਸਦਾ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ।
ਸਿਆਸੀ ਆਗੂ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ ਮੁੱਖ ਮੁਲਜ਼ਮ
ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਨਾਮਜ਼ਦ ਮੁੱਖ ਮੁਲਜ਼ਮ ਅਮਰਿੰਦਰ ਸਿੰਘ ਉਰਫ਼ ਪੀਟਰ ਢੀਂਡਸਾ ਦਾ ਪਿਛੋਕੜ ਸਿਆਸੀ ਪਰਿਵਾਰ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਬਲਾਕ ਸੰਮਤੀ ਦੇ ਸਾਬਕਾ ਮੈਂਬਰ ਅਤੇ ਕਾਂਗਰਸੀ ਆਗੂ ਹਰਵੀਰ ਸਿੰਘ ਢੀਂਡਸਾ ਦਾ ਸਗਾ ਭਤੀਜਾ ਹੈ। ਇਸ ਗੱਲ ਨੇ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ।
ਪੁਲਿਸ ਵੱਲੋਂ ਮਾਮਲਾ ਦਰਜ, ਮੁਲਜ਼ਮਾਂ ਦੀ ਭਾਲ ਤੇਜ਼
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਪਤਨੀ ਮਨਪ੍ਰੀਤ ਕੌਰ ਅਤੇ ਅਮਰਿੰਦਰ ਸਿੰਘ ਵਿਰੁੱਧ ਕਤਲ ਦੀ ਕੋਸ਼ਿਸ਼ ਸਮੇਤ ਹੋਰ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਵਿਦੇਸ਼ ਭੇਜਣ ਦੇ ਨਾਂ ‘ਤੇ ਵੱਡੀ ਠੱਗੀ: ਖਮਾਣੋਂ ਦੇ ਨੌਜਵਾਨ ਨੂੰ ਈਥੋਪੀਆ ‘ਚ ਕੀਤਾ ਅਗਵਾ, 25 ਲੱਖ ਦੀ ਮੰਗੀ ਫਰੌਤੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



