ਪੰਜਾਬ: ਪੰਜਾਬ ਦੇ ਕਈ ਹਿੱਸਿਆਂ ਵਿੱਚ ਅਚਾਨਕ ਬਦਲੇ ਮੌਸਮ ਦੇ ਮਿਜਾਜ਼ ਨੇ ਅੰਨਦਾਤਾ ਦੀਆਂ ਚਿੰਤਾਵਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਤੇਜ਼ ਹਵਾਵਾਂ, ਬਾਰਿਸ਼ ਅਤੇ ਕਈ ਇਲਾਕਿਆਂ ਵਿੱਚ ਹੋਈ ਗੜੇਮਾਰੀ ਕਾਰਨ ਖੇਤਾਂ ਵਿੱਚ ਸੁਨਹਿਰੀ ਰੰਗ ਫੜ ਚੁੱਕੀ ਕਣਕ ਦੀ ਫਸਲ ਦੇ ਖ਼ਰਾਬ ਹੋਣ ਦਾ ਡਰ ਬਣ ਗਿਆ ਹੈ। ਵਿਸਾਖੀ ਦੀ ਆਮਦ ਤੋਂ ਪਹਿਲਾਂ ਕੁਦਰਤ ਦਾ ਇਹ ਕਹਿਰ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ‘ਤੇ ਪਾਣੀ ਫੇਰਦਾ ਨਜ਼ਰ ਆ ਰਿਹਾ ਹੈ।
“ਪੁੱਤਰਾਂ ਵਾਂਗ ਪਾਲੀ ਫਸਲ ਅੱਖਾਂ ਸਾਹਮਣੇ ਹੋ ਰਹੀ ਬਰਬਾਦ”
ਪਿੰਡ ਰਿਆੜ ਦੇ ਕਿਸਾਨ ਜਗਜੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਕਿਸਾਨ ਆਪਣੀ ਫਸਲ ਨੂੰ ਬੱਚਿਆਂ ਵਾਂਗ ਪਾਲਦਾ ਹੈ, ਪਰ ਵਾਢੀ ਦੇ ਐਨ ਮੌਕੇ ‘ਤੇ ਮੌਸਮ ਦਾ ਇਹ ਰੂਪ ਦੇਖ ਕੇ ਦਿਲ ਕੰਬ ਰਿਹਾ ਹੈ। ਉਨ੍ਹਾਂ ਕਿਹਾ ਕਿ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਕਣਕ ਦੇ ਦਾਣੇ ਕਾਲੇ ਪੈਣ ਅਤੇ ਫਸਲ ਦੇ ਖੇਤਾਂ ਵਿੱਚ ਵਿਛ ਜਾਣ ਦਾ ਖ਼ਤਰਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕਿਸਾਨਾਂ ਦੀ ਸਾਰੀ ਮਿਹਨਤ ਅਤੇ ਖ਼ਰਚਾ ਵਿਅਰਥ ਚਲਾ ਜਾਵੇਗਾ।
ਪੈਦਾਵਾਰ ‘ਤੇ ਪਵੇਗਾ ਸਿੱਧਾ ਅਸਰ, ਸਰਪੰਚ ਨੇ ਜਤਾਈ ਗੰਭੀਰ ਚਿੰਤਾ
ਪਿੰਡ ਰਿਆੜ ਦੇ ਸਰਪੰਚ ਇਕਬਾਲ ਸਿੰਘ ਨੇ ਮੌਜੂਦਾ ਸਥਿਤੀ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨ ਪਹਿਲਾਂ ਹੀ ਹੜ੍ਹਾਂ ਅਤੇ ਹੋਰ ਕੁਦਰਤੀ ਮਾਰਾਂ ਕਾਰਨ ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ਹੈ। ਉਨ੍ਹਾਂ ਮੁਤਾਬਕ ਜੇਕਰ ਬਾਰਿਸ਼ ਅਤੇ ਗੜੇਮਾਰੀ ਦਾ ਇਹ ਦੌਰ ਲਗਾਤਾਰ ਜਾਰੀ ਰਿਹਾ ਤਾਂ ਕਣਕ ਦੀ ਪੈਦਾਵਾਰ ਵਿੱਚ ਵੱਡੀ ਗਿਰਾਵਟ ਆਵੇਗੀ। ਖੁੱਲ੍ਹੇ ਅਸਮਾਨ ਹੇਠ ਖੜੀ ਫਸਲ ਇਸ ਵੇਲੇ ਬੇਹੱਦ ਨਾਜ਼ੁਕ ਮੋੜ ‘ਤੇ ਹੈ ਅਤੇ ਮੌਸਮ ਦੀ ਹਰ ਕਰਵਟ ਕਿਸਾਨਾਂ ਦੀਆਂ ਧੜਕਣਾਂ ਤੇਜ਼ ਕਰ ਰਹੀ ਹੈ।
ਸਰਕਾਰ ਤੋਂ ਮੁਆਵਜ਼ੇ ਦੀ ਮੰਗ ਅਤੇ ਵਾਹਿਗੁਰੂ ਅੱਗੇ ਅਰਦਾਸ
ਮੌਸਮ ਦੇ ਵਿਗੜੇ ਹਾਲਾਤਾਂ ਨੂੰ ਦੇਖਦਿਆਂ ਕਿਸਾਨਾਂ ਕੋਲ ਹੁਣ ਪ੍ਰਮਾਤਮਾ ਅੱਗੇ ਅਰਦਾਸ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ। ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਇਲਾਕਿਆਂ ਵਿੱਚ ਫਸਲ ਦਾ ਨੁਕਸਾਨ ਹੋਇਆ ਹੈ, ਉੱਥੇ ਤੁਰੰਤ ਗਿਰਦਾਵਰੀ ਕਰਵਾ ਕੇ ਉਚਿਤ ਮੁਆਵਜ਼ਾ ਦਿੱਤਾ ਜਾਵੇ। ਸਾਰੇ ਪੰਜਾਬ ਦੇ ਕਿਸਾਨ ਇਸ ਵੇਲੇ ਅਸਮਾਨ ਵੱਲ ਤੱਕ ਰਹੇ ਹਨ ਅਤੇ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਹਨ ਕਿ ਮੌਸਮ ਜਲਦੀ ਸਾਫ਼ ਹੋ ਜਾਵੇ ਤਾਂ ਜੋ ਉਹ ਆਪਣੀ ਫਸਲ ਨੂੰ ਸੁਰੱਖਿਅਤ ਘਰ ਲਿਆ ਸਕਣ।

