ਪਟਿਆਲਾ: ਪਟਿਆਲਾ ਦੇ ਨਜ਼ਦੀਕੀ ਪਿੰਡ ਲੰਗ ਵਿੱਚ ਅੱਜ ਉਸ ਵੇਲੇ ਮਾਤਮ ਪਸਰ ਗਿਆ ਜਦੋਂ ਪਸ਼ੂਆਂ ਲਈ ਕਮਰਾ ਬਣਾਉਂਦੇ ਸਮੇਂ ਅਚਾਨਕ ਲੈਂਟਰ ਡਿੱਗ ਗਿਆ। ਇਸ ਮੰਦਭਾਗੀ ਘਟਨਾ ਵਿੱਚ ਮਲਬੇ ਹੇਠ ਦੱਬਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪਸ਼ੂਆਂ ਦਾ ਕਮਰਾ ਪਾਉਂਦੇ ਸਮੇਂ ਵਾਪਰਿਆ ਭਾਣਾ
ਮਿਲੀ ਜਾਣਕਾਰੀ ਅਨੁਸਾਰ ਪਿੰਡ ਲੰਗ ਵਿੱਚ ਇੱਕ ਘਰ ਵਿੱਚ ਪਸ਼ੂਆਂ ਲਈ ਕਮਰਾ ਤਿਆਰ ਕੀਤਾ ਜਾ ਰਿਹਾ ਸੀ। ਲੈਂਟਰ ਪਾਉਣ ਦੀ ਪ੍ਰਕਿਰਿਆ ਦੌਰਾਨ ਅਚਾਨਕ ਸ਼ਟਰਿੰਗ ਫੇਲ ਹੋਣ ਕਾਰਨ ਭਾਰੀ ਮਲਬਾ ਹੇਠਾਂ ਕੰਮ ਕਰ ਰਹੇ ਲੋਕਾਂ ‘ਤੇ ਆ ਡਿੱਗਿਆ। ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਇਸ ਹਾਦਸੇ ਵਿੱਚ ਉਨ੍ਹਾਂ ਦੇ ਪਿਤਾ ਅਤੇ ਭਰਾ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ। ਮਰਨ ਵਾਲੇ ਦੋਵੇਂ ਵਿਅਕਤੀ ਪਿੰਡ ਦੇ ਹੀ ਮਜ਼ਦੂਰ ਦੱਸੇ ਜਾ ਰਹੇ ਹਨ, ਜੋ ਰੋਜ਼ੀ-ਰੋਟੀ ਲਈ ਕੰਮ ‘ਤੇ ਆਏ ਸਨ।
ਪਿੰਡ ਵਾਸੀਆਂ ਨੇ ਦਿਖਾਈ ਹਿੰਮਤ
ਹਾਦਸੇ ਦੀ ਆਵਾਜ਼ ਸੁਣ ਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ ‘ਤੇ ਇਕੱਠੇ ਹੋ ਗਏ। ਲੋਕਾਂ ਨੇ ਆਪਣੀ ਪੱਧਰ ‘ਤੇ ਮਲਬਾ ਹਟਾ ਕੇ ਦੱਬੇ ਹੋਏ ਵਿਅਕਤੀਆਂ ਨੂੰ ਬਾਹਰ ਕੱਢਿਆ ਅਤੇ ਤੁਰੰਤ ਹਸਪਤਾਲ ਪਹੁੰਚਾਇਆ। ਪ੍ਰਤੱਖਦਰਸ਼ੀਆਂ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਮਜ਼ਦੂਰਾਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ. ਦਿਹਾਤੀ ਜੰਗਜੀਤ ਸਿੰਘ ਰੰਧਾਵਾ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਕੁੱਲ 6 ਵਿਅਕਤੀ ਮਲਬੇ ਹੇਠ ਆਏ ਸਨ, ਜਿਨ੍ਹਾਂ ਵਿੱਚੋਂ 2 ਦੀ ਮੌਤ ਹੋ ਚੁੱਕੀ ਹੈ। ਬਾਕੀ 4 ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Meerut Fire : ਕੱਪੜਾ ਵਪਾਰੀ ਦੇ ਘਰ ਲੱਗੀ ਭਿਆਨਕ ਅੱਗ, ਇੱਕੋ ਪਰਿਵਾਰ ਦੇ 5 ਬੱਚਿਆਂ ਸਣੇ 6 ਦੀ ਮੌਤ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



