ਔਟਵਾ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ‘ਚ ਇਕ ਮਸ਼ਹੂਰ ਹਿੰਦੂ ਮੰਦਰ ਦੇ ਪ੍ਰਧਾਨ ‘ਤੇ ਖਾਲਿਸਤਾਨੀ ਸਮਰਥਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਉਸ ਦੇ ਘਰ ‘ਤੇ ਇਕ ਤੋਂ ਬਾਅਦ ਇਕ 14 ਰਾਉਂਡ ਫਾਇਰ ਕੀਤੇ ਗਏ। ਮੀਡੀਆ ਰਿਪੋਰਟਾਂ ਮੁਤਾਬਕ ਸਰੀ ‘ਚ ਲਕਸ਼ਮੀ ਨਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਦੇ ਘਰ ‘ਤੇ ਵੀਰਵਾਰ ਰਾਤ ਨੂੰ ਖਾਲਿਸਤਾਨੀ ਸਮਰਥਕਾਂ ਨੇ ਹਮਲਾ ਕੀਤਾ। ਹਾਲਾਂਕਿ ਗੋਲੀਬਾਰੀ ‘ਚ ਕੋਈ ਜ਼ਖਮੀ ਨਹੀਂ ਹੋਇਆ ਪਰ ਗੋਲੀ ਲੱਗਣ ਕਾਰਨ ਘਰ ਦਾ ਕਾਫੀ ਨੁਕਸਾਨ ਹੋਇਆ ਹੈ।
ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਘਰ ‘ਤੇ ਹਮਲਾ ਕੀਤਾ ਗਿਆ ਅਤੇ ਘੱਟੋ-ਘੱਟ 14 ਰਾਉਂਡ ਫਾਇਰ ਕੀਤੇ ਗਏ। ਪੁਲਿਸ ਕਈ ਘੰਟਿਆਂ ਤੱਕ ਘਟਨਾ ਵਾਲੀ ਥਾਂ ‘ਤੇ ਰਹੀ, ਸਬੂਤਾਂ ਦੀ ਜਾਂਚ ਕੀਤੀ, ਗਵਾਹਾਂ ਨਾਲ ਗੱਲ ਕੀਤੀ ਅਤੇ ਸੰਭਾਵਿਤ ਸੀਸੀਟੀਵੀ ਫੁਟੇਜ ਲਈ ਆਸਪਾਸ ਦੀ ਤਲਾਸ਼ੀ ਲਈ।
ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਹਮਲੇ ‘ਚ ਘਰ ਨੂੰ ਨੁਕਸਾਨ ਪੁੱਜਣ ਦੀ ਖ਼ਬਰ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਸਤੀਸ਼ ਕੁਮਾਰ ਲਕਸ਼ਮੀ ਨਰਾਇਣ ਮੰਦਰ, ਸਰੀ ਦਾ ਪ੍ਰਧਾਨ ਹੈ। ਇਸ ਹਮਲੇ ਨੂੰ ਖਾਲਿਸਤਾਨੀ ਅੱਤਵਾਦੀਆਂ ਦੇ ਖਿਲਾਫ ਮੰਦਰ ‘ਚ ਕੀਤੇ ਗਏ ਪ੍ਰਦਰਸ਼ਨ ਦੇ ਬਦਲੇ ਵਜੋਂ ਦੇਖਿਆ ਜਾ ਰਿਹਾ ਹੈ।



