ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਗੁਨਾ ‘ਚ ਬੁੱਧਵਾਰ ਦੇਰ ਰਾਤ ਦੋ ਭਿਆਨਕ ਸੜਕ ਹਾਦਸੇ ਵਾਪਰੇ। ਇੱਥੇ ਇੱਕ ਤੇਜ਼ ਰਫ਼ਤਾਰ ਬੱਸ ਇੱਕ ਟਰੱਕ ਨਾਲ ਟਕਰਾ ਗਈ। ਇਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਹਾਦਸੇ ਕਾਰਨ ਬੱਸ ‘ਚ ਸਵਾਰ 13 ਲੋਕਾਂ ਦੀ ਮੌਤ ਹੋ ਗਈ ਅਤੇ 17 ਜ਼ਖਮੀ ਹੋ ਗਏ।
ਜਦੋਂ ਕਿ ਦੂਜਾ ਹਾਦਸਾ ਬੱਸ ਅਤੇ ਡੰਪਰ ਦੀ ਆਹਮੋ-ਸਾਹਮਣੇ ਟੱਕਰ ਦੇ ਰੂਪ ਵਿੱਚ ਵਾਪਰਿਆ। ਇਸ ਘਟਨਾ ‘ਚ 7 ਯਾਤਰੀ ਜ਼ਖਮੀ ਹੋਏ ਹਨ। ਇਹ ਹਾਦਸਾ ਗੁਨਾ-ਆਰੋਨ ਰੋਡ ‘ਤੇ ਵਾਪਰਿਆ। ਜ਼ਖਮੀ ਲੋਕਾਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਗੁਨਾ ਦੇ ਜ਼ਿਲ੍ਹਾ ਕੁਲੈਕਟਰ ਤਰੁਣ ਰਾਠੀ ਨੇ ਦੱਸਿਆ ਕਿ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ ‘ਚ 13 ਲੋਕਾਂ ਦੀ ਮੌਤ ਹੋ ਗਈ। 17 ਜ਼ਖਮੀਆਂ ਦਾ ਜ਼ਿਲਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮਿਲੀ ਹੈ ਕਿ ਉਹ ਖਤਰੇ ਤੋਂ ਬਾਹਰ ਹਨ।
ਤਰੁਣ ਰਾਠੀ ਨੇ ਦੱਸਿਆ ਕਿ ਟਰੱਕ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਜੋ ਸਮੇਂ ਸਿਰ ਬਾਹਰ ਨਿਕਲ ਸਕੇ ਉਨ੍ਹਾਂ ਦੀ ਜਾਨ ਬਚ ਗਈ। 13 ਲੋਕਾਂ ਦੀ ਸੱਟ ਲੱਗਣ ਕਾਰਨ ਮੌਤ ਹੋ ਗਈ ਅਤੇ ਜ਼ਿੰਦਾ ਸੜ ਗਏ। ਲਾਸ਼ਾਂ ਇਸ ਹੱਦ ਤੱਕ ਸੜ ਚੁੱਕੀਆਂ ਹਨ ਕਿ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਦੀ ਪਛਾਣ ਲਈ ਡੀਐਨਏ ਟੈਸਟ ਕਰਵਾਇਆ ਜਾਵੇਗਾ। ਸਾਰੀਆਂ ਲਾਸ਼ਾਂ ਨੂੰ ਹਾਦਸੇ ਵਾਲੀ ਥਾਂ ਤੋਂ ਬਾਹਰ ਕੱਢ ਲਿਆ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਸ ਵਿੱਚ 34 ਯਾਤਰੀ ਸਵਾਰ ਸਨ। ਇਨ੍ਹਾਂ ‘ਚੋਂ ਚਾਰ ਕਿਸੇ ਤਰ੍ਹਾਂ ਸੁਰੱਖਿਅਤ ਬੱਸ ‘ਚੋਂ ਬਾਹਰ ਨਿਕਲਣ ‘ਚ ਕਾਮਯਾਬ ਰਹੇ। ਉਹ ਘਰ ਚਲੇ ਗਏ ਹਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।



