ਜੰਮੂ-ਕਸ਼ਮੀਰ : ਜੰਮੂ ਕਸ਼ਮੀਰ ਸਰਕਾਰ ਨੇ ਅਨੰਦ ਮੈਰਿਜ ਐਕਟ ਲਾਗੂ ਕਰ ਦਿੱਤਾ ਹੈ। ਹੁਣ ਸਿੱਖ ਭਾਈਚਾਰੇ ’ਚ ਵਿਆਹ ਦੀ ਰਜਿਸਟੇ੍ਰਸ਼ਨ ਇਸ ਕਾਨੂੰਨ ਤਹਿਤ ਹੋਵੇਗੀ। ਅਨੰਦ ਮੈਰਿਜ ਐਕਟ ਦੇਸ਼ ’ਚ ਪਹਿਲਾਂ ਤੋਂ ਲਾਗੂ ਹੈ ਪਰ ਧਾਰਾ 370 ਕਾਰਨ ਜੰਮੂ ਕਸ਼ਮੀਰ ’ਚ ਇਹ ਲਾਗੂ ਨਹੀਂ ਸੀ। ਪੰਜ ਅਗਸਤ, 2019 ਨੂੰ ਧਾਰਾ 370 ਖ਼ਤਮ ਹੋਣ ਤੋਂ ਬਾਅਦ ਕੇਂਦਰੀ ਕਾਨੂੰਨ ਜੰਮੂ-ਕਸ਼ਮੀਰ ’ਚ ਲਾਗੂ ਹੋ ਗਏ। ਜੰਮੂ ਕਸ਼ਮੀਰ ’ਚ ਵੀ ਅਨੰਦ ਮੈਰਿਜ ਐਕਟ ਲਾਗੂ ਹੋਣ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੇਨਤੀ ਕੀਤੀ ਸੀ ਕਿ ਅਨੰਦ ਮੈਰਿਜ ਐਕਟ ਲਾਗੂ ਕੀਤਾ ਜਾਵੇ ਅਤੇ ਗ੍ਰਹਿ ਮੰਤਰੀ ਨੇ ਮੰਗ ਨੂੰ ਸਵੀਕਾਰ ਕਰਦੇ ਹੋਏ ਐਕਟ ਲਾਗੂ ਕਰਵਾ ਦਿੱਤਾ ਹੈ।
ਉਪ ਰਾਜਪਾਲ ਨੇ ਅਨੰਦ ਮੈਰਿਜ ਐਕਟ ਨੂੰ ਕੀਤਾ ਲਾਗੁੂ
ਉਪ ਰਾਜਪਾਲ ਮਨੋਜ ਸਿਨਹਾ ਨੇ ਜੰਮੂ ਕਸ਼ਮੀਰ ਅਨੰਦ ਮੈਰਿਜ ਰਜਿਸਟ੍ਰੇਸ਼ਨ ਨਿਯਮ 2023 ਲਾਗੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਸੂਬਾ ਸਰਕਾਰ ਦੇ ਕਾਨੂੰਨ, ਨਿਆਂ ਤੇ ਸੰਸਦੀ ਮਾਮਲਿਆਂ ਦੇ ਵਿਭਾਗ ਨੇ ਹੁਕਮ ਵੀ ਜਾਰੀ ਕਰ ਦਿੱਤਾ ਹੈ। ਅਨੰਦ ਮੈਰਿਜ ਐਕਟ ਤਹਿਤ ਪ੍ਰਮਾਣ ਪੱਤਰ ਜਾਰੀ ਕਰਨ ਲਈ ਸਬੰਧਤ ਤਹਿਸੀਲਦਾਰ ਇਸ ਦੇ ਰਜਿਸਟਰਾਰ ਹੋਣਗੇ। ਵਿਆਹ ਦੀ ਰਜਿਸਟ੍ਰੇਸ਼ਨ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਰਜਿਸਟਰਾਰ ਦੋਵੇਂ ਧਿਰਾਂ ਨੂੰ ਅਨੰਦ ਮੈਰਿਜ ਦੇ ਪ੍ਰਮਾਣ ਪੱਤਰ ਦੀਆਂ ਦੋ ਕਾਪੀਆਂ ਮੁਫ਼ਤ ਜਾਰੀ ਕਰਨਗੇ।
ਜੰਮੂ-ਕਸ਼ਮੀਰ ਦੇ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ
ਨੈਸ਼ਨਲ ਸਿੱਖ ਫਰੰਟ ਦੇ ਚੇਅਰਮੈਨ ਵਰਿੰਦਰ ਜੀਤ ਸਿੰਘ ਨੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਸ ਲਈ ਲੰਬੀ ਜੱਦੋ-ਜਹਿਦ ਕੀਤੀ ਗਈ। ਪਹਿਲਾਂ ਸਿੱਖ ਭਾਈਚਾਰੇ ’ਚ ਵਿਆਹ ਨੂੰ ਹਿੰਦੂ ਮੈਰਿਜ ਐਕਟ ਤਹਿਤ ਹੀ ਰਜਿਸਟਰਡ ਕੀਤਾ ਜਾਂਦਾ ਸੀ ਪਰ ਹੁਣ ਅਨੰਦ ਮੈਰਿਜ ਐਕਟ ਤਹਿਤ ਹੀ ਰਜਿਸਟਰਡ ਹੋਣਗੇ। ਹੁਣ ਕਿਸੇ ਵੀ ਤਰ੍ਹਾਂ ਦਾ ਭੰਬਲਭੂਸਾ ਖ਼ਤਮ ਹੋ ਗਿਆ ਹੈ।



