ਸ਼ਾਹਕੋਟ : ਸ਼ਾਹਕੋਟ ਦੇ ਨਜ਼ਦੀਕੀ ਪਿੰਡ ਬਾਜਵਾ ਕਲਾਂ ਵਿਖੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਸਕੂਲ ਬੱਸ ਦੀ ਉਡੀਕ ਕਰ ਰਹੇ 7 ਸਾਲਾ ਮਾਸੂਮ ਬੱਚੇ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਵਿੱਚ ਜ਼ਬਰਦਸਤੀ ਅਗਵਾ ਕਰ ਲਿਆ ਗਿਆ। ਦਿਨ-ਦਿਹਾੜੇ ਵਾਪਰੀ ਇਸ ਘਟਨਾ ਕਾਰਨ ਇਲਾਕੇ ਵਿੱਚ ਸਹਿਮ ਅਤੇ ਪਰਿਵਾਰ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਮਾਂ ਵੱਲੋਂ ਸਹੁਰੇ ਪਰਿਵਾਰ ’ਤੇ ਲਗਾਏ ਗਏ ਗੰਭੀਰ ਦੋਸ਼
ਅਗਵਾ ਹੋਏ ਬੱਚੇ ਜੁਝਾਰਦੀਪ ਸਿੰਘ ਦੀ ਮਾਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਹ ਸਿਹਤ ਵਿਭਾਗ ਵਿੱਚ ਨੌਕਰੀ ਕਰਦੀ ਹੈ ਅਤੇ ਪਰਿਵਾਰਕ ਵਿਵਾਦ ਕਾਰਨ ਆਪਣੇ ਪੇਕੇ ਘਰ ਰਹਿ ਰਹੀ ਹੈ। ਉਸ ਕੋਲ ਮਾਣਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਬੱਚੇ ਦੀ ਕਸਟਡੀ ਸੀ। ਮਾਂ ਨੇ ਦੋਸ਼ ਲਗਾਇਆ ਕਿ ਉਸ ਦਾ ਵਿਦੇਸ਼ੀ ਪਤੀ ਅਤੇ ਸਹੁਰਾ ਪਰਿਵਾਰ ਲੰਮੇ ਸਮੇਂ ਤੋਂ ਉਸ ਨੂੰ ਤੰਗ-ਪਰੇਸ਼ਾਨ ਕਰ ਰਿਹਾ ਸੀ ਅਤੇ ਇਸ ਤੋਂ ਪਹਿਲਾਂ ਵੀ ਰਾਹੋਂ ਤੇ ਸ਼ਾਹਕੋਟ ਦੇ ਸਕੂਲਾਂ ਵਿੱਚੋਂ ਬੱਚੇ ਨੂੰ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ। ਉਸ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਨੇ ਪਹਿਲਾਂ ਦਿੱਤੀਆਂ ਸ਼ਿਕਾਇਤਾਂ ’ਤੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ, ਤਾਂ ਇਹ ਦਿਨ ਨਾ ਦੇਖਣਾ ਪੈਂਦਾ।
ਅਗਵਾ ਕਰਨ ਦਾ ਤਰੀਕਾ
ਪੀੜਤ ਮਾਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7:30 ਵਜੇ ਜਦੋਂ ਉਸ ਦਾ ਪੁੱਤਰ ਸਕੂਲ ਜਾਣ ਲਈ ਘਰ ਦੇ ਬਾਹਰ ਬੱਸ ਦੀ ਉਡੀਕ ਕਰ ਰਿਹਾ ਸੀ, ਤਾਂ ਉੱਥੇ ਇੱਕ ਚਿੱਟੇ ਰੰਗ ਦੀ ਚੰਡੀਗੜ੍ਹ ਨੰਬਰ ਕ੍ਰੇਟਾ (Creta) ਕਾਰ ਆ ਕੇ ਰੁਕੀ। ਕਾਰ ਵਿੱਚ ਸਵਾਰ ਦੋ ਵਿਅਕਤੀਆਂ ਅਤੇ ਇੱਕ ਔਰਤ ਨੇ ਮਾਸੂਮ ਨੂੰ ਜ਼ਬਰਦਸਤੀ ਵਾਹਨ ਵਿੱਚ ਸੁੱਟ ਲਿਆ ਅਤੇ ਫ਼ਰਾਰ ਹੋ ਗਏ। ਮੌਕੇ ’ਤੇ ਮੌਜੂਦ ਇੱਕ ਲੜਕੇ ਨੇ ਇਸ ਘਟਨਾ ਨੂੰ ਦੇਖ ਕੇ ਤੁਰੰਤ ਪਰਿਵਾਰ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਹੈਲਪਲਾਈਨ ਨੰਬਰ ‘ਤੇ ਫੋਨ ਕੀਤਾ ਗਿਆ।
ਪੁਲਿਸ ਦੀ ਕਾਰਵਾਈ ਅਤੇ ਜਾਂਚ
ਇਸ ਮਾਮਲੇ ਸੰਬੰਧੀ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐચ.ਓ. ਇੰਸਪੈਕਟਰ ਅਮਨ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਤ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਇੱਕ ਔਰਤ ਸਮੇਤ 3 ਵਿਅਕਤੀਆਂ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁੱਢਲੀ ਜਾਂਚ ਦੌਰਾਨ ਇਸ ਘਟਨਾ ਪਿੱਛੇ ਬੱਚੇ ਦੇ ਸਹੁਰੇ ਪਰਿਵਾਰ ਦੀ ਸ਼ਮੂਲੀਅਤ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਪੁਲਿਸ ਟੀਮਾਂ ਵੱਲੋਂ ਬੱਚੇ ਦੀ ਭਾਲ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

