2023 ਦੀਆਂ ਹੜ੍ਹਾਂ ‘ਚ ਪਾਕਿਸਤਾਨ ਵਹਿ ਗਏ ਫ਼ਿਰੋਜ਼ਪੁਰ ਦੇ 4 ਕਿਸਾਨ ਢਾਈ ਸਾਲਾਂ ਬਾਅਦ ਪਰਤੇ ਘਰ, ਪਰਿਵਾਰਾਂ ‘ਚ ਖੁਸ਼ੀ ਦੀ ਲਹਿਰ

ਫ਼ਿਰੋਜ਼ਪੁਰ: ਅਗਸਤ 2023 ਵਿੱਚ ਸਤਲੁਜ ਦਰਿਆ ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਕੇ ਪਾਕਿਸਤਾਨੀ ਸਰਹੱਦ ਅੰਦਰ ਦਾਖ਼ਲ ਹੋਏ ਫ਼ਿਰੋਜ਼ਪੁਰ ਦੇ…

Ferozepur

ਫ਼ਿਰੋਜ਼ਪੁਰ: ਅਗਸਤ 2023 ਵਿੱਚ ਸਤਲੁਜ ਦਰਿਆ ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਕੇ ਪਾਕਿਸਤਾਨੀ ਸਰਹੱਦ ਅੰਦਰ ਦਾਖ਼ਲ ਹੋਏ ਫ਼ਿਰੋਜ਼ਪੁਰ ਦੇ ਚਾਰ ਨੌਜਵਾਨ ਕਿਸਾਨ ਅੱਜ ਆਪਣੀ ਸਜ਼ਾ ਪੂਰੀ ਕਰਕੇ ਸਹੀ-ਸਲਾਮਤ ਵਤਨ ਪਰਤ ਆਏ ਹਨ। ਜਦੋਂ ਇਹ ਨੌਜਵਾਨ ਆਪਣੇ ਘਰ ਪਹੁੰਚੇ ਤਾਂ ਪਿਛਲੇ ਲੰਬੇ ਸਮੇਂ ਤੋਂ ਵਿਛੋੜਾ ਝੱਲ ਰਹੇ ਪਰਿਵਾਰਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ।

ਹੜ੍ਹ ਦੇ ਪਾਣੀ ਨੇ ਪਹੁੰਚਾਇਆ ਸੀ ਪਾਕਿਸਤਾਨੀ ਜੇਲ੍ਹ

ਵਰਨਣਯੋਗ ਹੈ ਕਿ 22 ਅਗਸਤ 2023 ਨੂੰ ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਭਾਰਤੀ ਸਰਹੱਦ ਤੋਂ 6 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਜੋਗਿੰਦਰ ਸਿੰਘ ਉਰਫ਼ ਕਾਲਾ, ਗੁਰਮੇਜ ਸਿੰਘ ਅਤੇ ਸ਼ਿੰਦਰ ਸਿੰਘ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਸਨ। ਜੋਗਿੰਦਰ ਸਿੰਘ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਹੜ੍ਹ ਦੌਰਾਨ ਉਸ ਦਾ ਟਰੈਕਟਰ ਖੇਤਾਂ ਵਿੱਚ ਫਸ ਗਿਆ ਸੀ। ਜਦੋਂ ਉਹ ਆਪਣੇ ਸਾਥੀਆਂ ਨਾਲ ਟਰੈਕਟਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਹ ਸੰਭਲ ਨਾ ਸਕੇ ਅਤੇ ਵਹਿ ਕੇ ਪਾਕਿਸਤਾਨੀ ਸਰਹੱਦ ਵਿੱਚ ਪਹੁੰਚ ਗਏ, ਜਿੱਥੇ ਪਾਕਿਸਤਾਨੀ ਰੇਂਜਰਾਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਪਾਕਿਸਤਾਨੀ ਜੇਲ੍ਹ ਦੀਆਂ ਦਰਦਨਾਕ ਯਾਦਾਂ

ਵਤਨ ਪਰਤੇ ਕਿਸਾਨਾਂ ਨੇ ਦੱਸਿਆ ਕਿ ਸ਼ੁਰੂਆਤੀ ਦਿਨ ਬਹੁਤ ਹੀ ਕਠਿਨ ਸਨ। ਜੋਗਿੰਦਰ ਅਨੁਸਾਰ, ਉਨ੍ਹਾਂ ਨੂੰ 28 ਦਿਨਾਂ ਤੱਕ ਮੂੰਹ ‘ਤੇ ਨਕਾਬ ਪਾ ਕੇ ਰੱਖਿਆ ਗਿਆ ਅਤੇ ਕਾਫ਼ੀ ਤਸ਼ੱਦਦ ਸਹਿਣੀ ਪਈ। ਬਾਅਦ ਵਿੱਚ ਉਨ੍ਹਾਂ ਨੂੰ ਲਾਹੌਰ ਦੀ ਹਾਈ-ਸੁਰੱਖਿਆ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਇੱਕ ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਜੁਰਮਾਨਾ ਅਦਾ ਨਾ ਕਰ ਸਕਣ ਕਾਰਨ ਉਨ੍ਹਾਂ ਨੂੰ ਇੱਕ ਮਹੀਨਾ ਵਾਧੂ ਜੇਲ੍ਹ ਵਿੱਚ ਕੱਟਣਾ ਪਿਆ। ਗੁਰਮੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 10 ਬਾਈ 12 ਦੇ ਛੋਟੇ ਜਿਹੇ ਕਮਰੇ ਵਿੱਚ ਰੱਖਿਆ ਜਾਂਦਾ ਸੀ, ਹਾਲਾਂਕਿ ਹਰ ਬੁੱਧਵਾਰ ਉਨ੍ਹਾਂ ਦੀ ਪਰਿਵਾਰ ਨਾਲ ਗੱਲਬਾਤ ਕਰਵਾਈ ਜਾਂਦੀ ਸੀ।

ਪਰਿਵਾਰਾਂ ਨੇ ਵਾਹੇਗੁਰੂ ਦਾ ਕੀਤਾ ਸ਼ੁਕਰਾਨਾ

ਨੌਜਵਾਨਾਂ ਦੇ ਘਰ ਪਰਤਣ ‘ਤੇ ਪਿੰਡ ਵਿੱਚ ਦੀਵਾਲੀ ਵਰਗਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਦੀ ਸਲਾਮਤੀ ਲਈ ਅਨੇਕਾਂ ਮੰਨਤਾਂ ਮੰਗੀਆਂ ਸਨ। ਉਨ੍ਹਾਂ ਵਾਹੇਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦੀਆਂ ਅਰਦਾਸਾਂ ਸੁਣੀਆਂ ਗਈਆਂ ਹਨ। ਰਿਸ਼ਤੇਦਾਰ ਅਤੇ ਪਿੰਡ ਵਾਸੀ ਲਗਾਤਾਰ ਇਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਹਨ। ਇਨ੍ਹਾਂ ਨੌਜਵਾਨਾਂ ਦੀ ਵਾਪਸੀ ਨੇ ਸਰਹੱਦੀ ਇਲਾਕੇ ਵਿੱਚ ਖੁਸ਼ੀ ਅਤੇ ਸੁਕੂਨ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ 
ਮਜੀਠੀਆ ਦੀ ਰਿਹਾਈ ‘ਤੇ ਤਰਨਤਾਰਨ ‘ਚ ਜਸ਼ਨ: ਸਾਬਕਾ ਚੇਅਰਮੈਨ ਹਰਵੰਤ ਸਿੰਘ ਨੇ ਵੰਡੇ ਲੱਡੂ, ਕਿਹਾ- ‘2027 ਵਿੱਚ ਅਕਾਲੀ ਦਲ ਦੀ ਵਾਪਸੀ ਤੈਅ’
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *