ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਚੱਲ ਰਹੀ ਪੁਲਿਸ ਜਾਂਚ ਹੁਣ ਤੇਜ਼ ਹੋ ਗਈ ਹੈ। ਇਸੇ ਸਿਲਸਿਲੇ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸੱਤ ਮੈਂਬਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਵਿਸ਼ੇਸ਼ ਜਾਂਚ ਟੀਮ (SIT) ਸਾਹਮਣੇ ਪੇਸ਼ ਹੋਏ। ਪੁਲਿਸ ਵੱਲੋਂ ਦਰਜ FIR ਨੰਬਰ 168 ਦੇ ਤਹਿਤ ਇਨ੍ਹਾਂ ਮੈਂਬਰਾਂ ਦੇ ਬਿਆਨ ਕਲਮਬੱਧ ਕੀਤੇ ਗਏ ਹਨ।
ਕਾਨੂੰਨੀ ਸਲਾਹਕਾਰ ਦੀ ਅਗਵਾਈ ਹੇਠ ਪਹੁੰਚੇ ਮੈਂਬਰ
ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਅਮਨਬੀਰ ਸਿੰਘ ਸਿਆਲੀ ਦੀ ਅਗਵਾਈ ਹੇਠ ਕਮੇਟੀ ਦੇ ਮੌਜੂਦਾ ਮੈਂਬਰਾਂ ਨੇ ਜਾਂਚ ਏਜੰਸੀ ਨਾਲ ਮੁਲਾਕਾਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸਿਆਲੀ ਨੇ ਦੱਸਿਆ ਕਿ ਪੁਲਿਸ ਵੱਲੋਂ ਜਾਰੀ ਸੰਮਨਾਂ ਦੀ ਪਾਲਣਾ ਕਰਦਿਆਂ ਅੱਜ ਸੱਤ ਮੈਂਬਰਾਂ ਨੇ ਆਪਣੇ ਬਿਆਨ ਦਰਜ ਕਰਵਾਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਕਾਨੂੰਨੀ ਪ੍ਰਕਿਰਿਆ ਦਾ ਪੂਰਾ ਸਨਮਾਨ ਕਰਦੀ ਹੈ ਅਤੇ ਜਾਂਚ ਵਿੱਚ ਪੂਰਨ ਸਹਿਯੋਗ ਦੇ ਰਹੀ ਹੈ।
ਪਹਿਲਾਂ ਹੋਈ ਜਾਂਚ ਦੇ ਆਧਾਰ ‘ਤੇ ਹੀ ਦਰਜ ਹੋ ਰਹੇ ਹਨ ਬਿਆਨ
ਅਮਨਬੀਰ ਸਿੰਘ ਸਿਆਲੀ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਮੈਂਬਰਾਂ ਅਤੇ ਅਧਿਕਾਰੀਆਂ ਦੇ ਬਿਆਨ ਅੱਜ ਲਏ ਗਏ ਹਨ, ਉਨ੍ਹਾਂ ਦੇ ਬਿਆਨ ਪਹਿਲਾਂ ਵੀ ਡਾ. ਈਸ਼ਰ ਸਿੰਘ ਦੀ ਅਗਵਾਈ ਹੇਠ ਬਣੇ ਜਾਂਚ ਕਮਿਸ਼ਨ ਵੱਲੋਂ ਲਏ ਜਾ ਚੁੱਕੇ ਹਨ। ਉਸ ਜਾਂਚ ਦੀ ਰਿਪੋਰਟ ਪਹਿਲਾਂ ਹੀ ਜਨਤਕ ਹੋ ਚੁੱਕੀ ਹੈ। ਹੁਣ ਜਦੋਂ ਕਿ ਇਸ ਮਾਮਲੇ ਵਿੱਚ ਪੁਲਿਸ ਕੇਸ (FIR) ਦਰਜ ਹੋ ਚੁੱਕਾ ਹੈ, ਤਾਂ SIT ਕਾਨੂੰਨੀ ਨਿਯਮਾਂ ਅਨੁਸਾਰ ਇਨ੍ਹਾਂ ਬਿਆਨਾਂ ਨੂੰ ਦੁਬਾਰਾ ਰਿਕਾਰਡ ਕਰ ਰਹੀ ਹੈ।
40 ਦੇ ਕਰੀਬ ਮੈਂਬਰਾਂ ਨੂੰ ਭੇਜੇ ਗਏ ਸਨ ਸੰਮਨ
ਜਾਣਕਾਰੀ ਅਨੁਸਾਰ, ਪੁਲਿਸ ਵੱਲੋਂ ਸ਼੍ਰੋਮਣੀ ਕਮੇਟੀ ਦੇ ਕਰੀਬ 40 ਅਹੁਦੇਦਾਰਾਂ ਅਤੇ ਮੁਲਾਜ਼ਮਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸੰਮਨ ਭੇਜੇ ਗਏ ਸਨ। ਅੱਜ ਸੱਤ ਮੌਜੂਦਾ ਮੈਂਬਰ SIT ਸਾਹਮਣੇ ਹਾਜ਼ਰ ਹੋਏ। ਰਿਟਾਇਰ ਹੋ ਚੁੱਕੇ ਜਾਂ ਪੁਰਾਣੇ ਅਧਿਕਾਰੀਆਂ ਬਾਰੇ ਫੈਸਲਾ ਆਉਣ ਵਾਲੇ ਦਿਨਾਂ ਵਿੱਚ ਜਾਂਚ ਏਜੰਸੀ ਵੱਲੋਂ ਲਿਆ ਜਾਵੇਗਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
‘ਸੱਚ ਸਾਹਮਣੇ ਆਉਣ ਦਾ ਕੋਈ ਡਰ ਨਹੀਂ‘
ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨੇ ਭਰੋਸਾ ਜਤਾਇਆ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਤੋਂ ਘਬਰਾਉਂਦੇ ਨਹੀਂ ਹਨ। ਉਨ੍ਹਾਂ ਕਿਹਾ ਕਿ ਕਮੇਟੀ ਦਾ ਮਕਸਦ ਸੱਚ ਨੂੰ ਸਾਹਮਣੇ ਲਿਆਉਣਾ ਹੈ ਅਤੇ ਇਸ ਲਈ ਉਹ ਪੁਲਿਸ ਪ੍ਰਸ਼ਾਸਨ ਦਾ ਹਰ ਪੱਧਰ ‘ਤੇ ਸਾਥ ਦੇਣ ਲਈ ਤਿਆਰ ਹਨ। ਦੂਜੇ ਪਾਸੇ, SIT ਵੱਲੋਂ ਬਿਆਨਾਂ ਦੀ ਪੜਤਾਲ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।



