ਬਠਿੰਡਾ : ਰੱਖੜੀ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਬਠਿੰਡਾ ਦੇ ਬਾਜ਼ਾਰਾਂ ਵਿੱਚ ਖਾਸ ਰੌਣਕ ਦੇਖਣ ਨੂੰ ਮਿਲ ਰਹੀ ਹੈ। ਇਸ ਵਾਰ ਬਾਜ਼ਾਰ ਵਿੱਚ ਪੰਜਾਬ ਦੇ ਅਮੀਰ ਸੱਭਿਆਚਾਰ ਨਾਲ ਜੁੜੀ ਲਗਭਗ 30 ਸਾਲ ਪੁਰਾਣੀ ‘ਗੁੱਦਵਾਲੀ ਰੱਖੜੀ’ ਖਿੱਚ ਦਾ ਕੇਂਦਰ ਬਣੀ ਹੋਈ ਹੈ। ਸਮੇਂ ਦੇ ਨਾਲ-ਨਾਲ ਅਲੋਪ ਹੋ ਰਹੀ ਇਸ ਪਰੰਪਰਾਗਤ ਰੱਖੜੀ ਦੀ ਵਾਪਸੀ ਨਾਲ ਬਾਜ਼ਾਰਾਂ ਵਿੱਚ ਪੁਰਾਣੀਆਂ ਯਾਦਾਂ ਤਾਜ਼ਾ ਹੋ ਰਹੀਆਂ ਹਨ।
ਨਵੀਂ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਨ ਦੀ ਪਹਿਲ
ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਇਸ ਵਿਰਾਸਤੀ ਰੱਖੜੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਨੌਜਵਾਨਾਂ ਨੂੰ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਅਤੇ ਪਰੰਪਰਾਵਾਂ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਬਠਿੰਡਾ ਦੇ ਹਾਜੀ ਰਤਨ ਚੌਂਕ ਵਿਖੇ ਰੱਖੜੀ ਦੀ ਦੁਕਾਨ ਚਲਾਉਣ ਵਾਲੇ ਚੰਦਰ ਸ਼ੇਖਰ ਨੇ ਇਹ ਗੁੱਦਵਾਲੀ ਰੱਖੜੀ ਉਚੇਚੇ ਤੌਰ ‘ਤੇ ਮੰਗਵਾਈ ਹੈ।
ਵਿਦੇਸ਼ਾਂ ‘ਚ ਵੀ ਭੇਜੀਆਂ ਜਾ ਰਹੀਆਂ ਹਨ ਇਹ ਰੱਖੜੀਆਂ
ਬਾਜ਼ਾਰ ਵਿੱਚ ਆਈ ਇਸ ਰੱਖੜੀ ਨੂੰ ਖ਼ਰੀਦਣ ਲਈ ਔਰਤਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਸਥਾਨਕ ਔਰਤਾਂ ਆਪਣੇ ਭਰਾਵਾਂ ਲਈ ਤਾਂ ਇਹ ਰੱਖੜੀ ਖ਼ਰੀਦ ਹੀ ਰਹੀਆਂ ਹਨ, ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਰਹਿੰਦੇ ਆਪਣੇ ਭਰਾਵਾਂ ਨੂੰ ਵੀ ਪੰਜਾਬੀ ਸੱਭਿਆਚਾਰ ਦੀ ਝਲਕ ਵਜੋਂ ਇਹ ਖਾਸ ਰੱਖੜੀਆਂ ਭੇਜ ਰਹੀਆਂ ਹਨ।
‘ਲਿਵਿੰਗ ਇੰਡੀਆ ਨਿਊਜ਼’ ਦੀ ਟੀਮ ਨੇ ਬਠਿੰਡਾ ਦੇ ਹਾਜੀ ਰਤਨ ਚੌਂਕ ‘ਚ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਗਰਾਊਂਡ ਰਿਪੋਰਟ ਤਿਆਰ ਕੀਤੀ। ਇਸ ਦੌਰਾਨ ਦੁਕਾਨ ਮਾਲਕ ਚੰਦਰ ਸ਼ੇਖਰ ਨਾਲ ਖਾਸ ਗੱਲਬਾਤ ਕੀਤੀ ਗਈ, ਜਿਨ੍ਹਾਂ ਦੱਸਿਆ ਕਿ ਪੁਰਾਣੇ ਸਮਿਆਂ ‘ਚ ਇਹ ਗੁੱਦਵਾਲੀ ਰੱਖੜੀ ਬਹੁਤ ਪ੍ਰਸਿੱਧ ਹੁੰਦੀ ਸੀ ਅਤੇ ਅੱਜ ਦੇ ਆਧੁਨਿਕ ਦੌਰ ‘ਚ ਵੀ ਲੋਕ ਇਸ ਨੂੰ ਖ਼ਾਸ ਪਸੰਦ ਕਰ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



