ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਸਰਕਾਰ ਦੁਆਰਾ 28 ਅਗਸਤ ਨੂੰ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਜਿਸ ਮੁਤਾਬਕ ਵਿਧਾਨ ਸਭਾ ਇਜਲਾਸ ਵਿਚ ਸ਼ਾਮਲ ਹੋਣ ਵਾਲੇ ਸਾਰੇ ਮੰਤਰੀਆਂ,ਵਿਧਾਇਕਾਂ ਅਤੇ ਬਾਕੀ ਸਟਾਫ ਨੂੰ ਕੋਰੋਨਾ ਟੈਸਟ ਕਰਵਾਉਣ ਲਾਜ਼ਮੀ ਹੋਵੇਗਾ।
ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਲਈ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੀ 25 ਅਗਸਤ ਤੋਂ ਲੈ ਕੇ 27 ਅਗਸਤ ਤੱਕ ਦੀ ਕੋਰੋਨਾ ਨੈਗੇਟਿਵ ਰਿਪੋਰਟ ਜਰੂਰੀ ਹੋਣੀ ਚਾਹੀਦੀ ਹੈ ਅਤੇ ਇਸ ਤੋਂ ਬਿਨਾਂ ਕਿਸੇ ਨੂੰ ਵੀ ਐਂਟਰੀ ਨਹੀਂ ਮਿਲੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਅਧਿਕਾਰੀ, ਕਰਮਚਾਰੀ ਜੋ ਇਸ ਸੈਸ਼ਨ ਦੌਰਾਨ ਡਿਊਟੀ ਉੱਤੇ ਹੋਣਗੇ, ਉਨ੍ਹਾਂ ਨੂੰ ਵੀ ਕੋਰੋਨਾ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ ਜਿਸ ਦੀ ਰਿਪੋਰਟ ਵੀ ਨੈਗੇਟਿਵ ਹੋਣੀ ਚਾਹੀਦੀ ਹੈ।
ਦੱਸ ਦਈਏ ਕਿ ਪੰਜਾਬ ਸਰਕਾਰ ਨੇ 28 ਅਗਸਤ ਨੂੰ ਵਿਧਾਨ ਸਭਾ ਦਾ ਇਕ ਰੋਜਾ ਸੈਸ਼ਨ ਬਲਾਇਆ ਹੋਇਆ ਹੈ। ਸੈਸ਼ਨ ਦੀ ਸ਼ੁਰੂਆਤ ਸ਼ੋਕ ਮਤਿਆਂ ਨਾਲ ਹੋਵੇਗੀ ਜਿਸ ਤੋਂ ਬਾਅਦ ਇਸ ਨੂੰ ਕੁਝ ਦੇਰ ਲਈ ਉਠਾ ਦਿੱਤਾ ਜਾਵੇਗਾ ਅਤੇ ਫੇਰ ਦੁਬਾਰਾ ਬੈਠਕ ਸੱਦੀ ਜਾਵੇਗੀ ਜਿਸ ਵਿੱਚ ਵਿਧਾਨਕ ਕੰਮਕਾਜ ਹੋਵੇਗਾ।
ਸਰਕਾਰ ਦਾ ਕਹਿਣਾ ਹੈ ਕਿ ਸੰਵਿਧਾਨ ਅਨੁਸਾਰ ਪਿਛਲੇ ਸੈਸ਼ਨ ਤੋਂ ਛੇ ਮਹੀਨਿਆਂ ਦੇ ਅੰਦਰ-ਅੰਦਰ ਅਗਲਾ ਸੈਸ਼ਨ ਬੁਲਾਉਣਾ ਜ਼ਰੂਰੀ ਹੁੰਦਾ ਹੈ ਅਤੇ15ਵੀਂ ਪੰਜਾਬ ਵਿਧਾਨ ਸਭਾ ਦਾ 11ਵਾਂ ਸੈਸ਼ਨ 4 ਮਾਰਚ 2020 ਨੂੰ ਸਮਾਪਤ ਹੋਇਆ ਸੀ ਇਸ ਲਈ ਪੰਜਾਬ ਵਿਧਾਨ ਸਭਾ ਦਾ 12ਵਾਂ ਸੈਸ਼ਨ 4 ਸਤੰਬਰ 2020 ਤੋਂ ਪਹਿਲਾਂ ਸੱਦਿਆ ਜਾਣਾ ਜ਼ਰੂਰੀ ਸੀ।
