ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਇੱਕ-ਇੱਕ ਜ਼ਿਲ੍ਹੇ ਵਿਚ 4ਜੀ ਇੰਟਰਨੈੱਟ ਸੇਵਾਵਾਂ ਟ੍ਰਾਇਲ ਦੇ ਤੌਰ ਉੱਤੇ 15 ਅਗਸਤ ਤੋਂ ਬਾਅਦ ਬਹਾਲ ਕੀਤੀਆਂ ਜਾਣਗੀਆਂ ਅਤੇ ਫਿਰ ਦੋ ਮਹੀਨਿਆ ਬਾਅਦ ਇਸ ਦੀ ਸਮੀਖਿਆ ਹੋਵੇਗੀ। ਇਸ ਗੱਲ ਦੀ ਜਾਣਕਾਰੀ ਅੱਜ ਮੰਗਲਵਾਰ ਨੂੰ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਦਿੱਤੀ ਹੈ।
ਦਰਅਸਲ ਕਸ਼ਮੀਰ ਵਿਚ 4ਜੀ ਇੰਟਰਨੈੱਟ ਬਹਾਲੀ ਦੀ ਪਟੀਸ਼ਨ ਉੱਤੇ ਹੋਈ ਸੁਣਵਾਈ ਦੌਰਾਨ ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ(ਏਜੇ) ਕੇਕੇ ਵੇਣੂਗੋਪਾਲ ਨੇ ਕਿਹਾ ਕਿ ਜਿਨ੍ਹਾਂ ਖੇਤਰਾਂ ਵਿਚ 4ਜੀ ਪ੍ਰਦਾਨ ਕੀਤਾ ਜਾ ਸਕਦਾ ਹੈ ਉਨ੍ਹਾਂ ਦੀ ਪਹਿਚਾਣ ਕੀਤੀ ਜਾਵੇਗੀ ਅਤੇ ਫਿਰ ਇਸਨੂੰ ਬਹਾਲ ਕਰ ਦਿੱਤਾ ਜਾਵੇਗਾ। ਏਜੇ ਮੁਤਾਬਕ ਕਸ਼ਮੀਰ ਵਿਚ ਇੰਟਰਨੈੱਟ ਦੀ ਬਹਾਲੀ ਦੇ ਮੁੱਦੇ ਨੂੰ ਵੇਖ ਰਹੀ ਇਕ ਵਿਸ਼ੇਸ਼ ਕਮੇਟੀ ਨੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ 15 ਅਗਸਤ ਤੋਂ ਬਾਅਦ ਸੀਮਤ ਖੇਤਰਾਂ ਵਿਚ ਪ੍ਰਯੋਗਾਤਮਕ ਤੌਰ ਉੱਤੇ 4 ਜੀ ਇੰਟਰਨੈੱਟ ਸੇਵਾਵਾਂ ਪ੍ਰਦਾਨ ਕਰਵਾਉਣ ਦਾ ਫੈਸਲਾ ਕੀਤਾ ਹੈ।
ਕੇਂਦਰ ਨੇ ਕਿਹਾ ਹੈ ਕਿ 15 ਅਗਸਤ ਤੋਂ ਬਾਅਦ ਜੰਮੂ ਅਤੇ ਕਸ਼ਮੀਰ ਦੇ ਇਕ-ਇਕ ਜ਼ਿਲ੍ਹੇ ਵਿਚ 4ਜੀ ਇੰਟਰਨੈੱਟ ਸੇਵਾਵਾਂ ਟ੍ਰਾਇਲ ਦੇ ਤੌਰ ਉੱਤੇ ਮੁੜ ਤੋਂ ਬਹਾਲ ਕੀਤੀਆਂ ਜਾਣਗੀਆਂ ਅਤੇ ਟ੍ਰਾਇਲ ਦੇ ਨਤੀਜਿਆਂ ਦੀ ਦੋ ਮਹੀਨਿਆਂ ਬਾਅਦ ਪੜਤਾਲ ਕੀਤੀ ਜਾਵੇਗੀ। ਦੱਸ ਦਈਏ ਕਿ ਪਿਛਲੇ ਸਾਲ ਅਗਸਤ ਵਿਚ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਹਾਈ ਸਪੀਡ ਇੰਟਰੈਨਟ ਸੇਵਾ ਉੱਤੇ ਪਾੰਬਦੀ ਲਗਾ ਦਿੱਤੀ ਗਈ ਸੀ। ਇਹ ਫੈਸਲਾ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਸੀ ਹਾਲਾਂਕਿ ਜੰਮੂ ਕਸ਼ਮੀਰ ‘ਚ ਪਿਛਲੇ ਸਮੇਂ ਵਿਚ 2ਜੀ ਇੰਟਰਨੈਟ ਸੇਵਾ ਮੁੜ ਤੋਂ ਸ਼ੁਰੂ ਕੀਤੀ ਗਈਆਂ ਸਨ।
