Kangana Ranaut owns assets worth over Rs 91 crore : ਭਾਜਪਾ ਉਮੀਦਵਾਰ ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਮੰਗਲਵਾਰ ਨੂੰ ਹਿਮਾਚਲ ਦੀ ਮੰਡੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ। ਕੰਗਨਾ ਨੇ ਦੁਪਹਿਰ 12.15 ਵਜੇ ਮੰਡੀ ‘ਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਨਾਮਜ਼ਦਗੀ ਤੋਂ ਪਹਿਲਾਂ ਉਨ੍ਹਾਂ ਨੇ ਰੋਡ ਸ਼ੋਅ ਅਤੇ ਫਿਰ ਸੀਰੀ ਮੰਚ ਵਿਖੇ ਜਨਤਕ ਮੀਟਿੰਗ ਕਰਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਕੰਗਨਾ ਦੀ ਨਾਮਜ਼ਦਗੀ ਸਮੇਂ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਰਾਜੀਵ ਬਿੰਦਲ ਵੀ ਮੌਜੂਦ ਸਨ। ਕੰਗਨਾ ਵੱਲੋਂ ਦਾਇਰ ਹਲਫ਼ਨਾਮੇ ਮੁਤਾਬਕ ਉਸ ਕੋਲ 91.66 ਕਰੋੜ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਕੰਗਨਾ ਰਣੌਤ ਜਾਇਦਾਦ ਦੇ ਮਾਮਲੇ ‘ਚ ਆਪਣੇ ਵਿਰੋਧੀ ਅਤੇ ਕਾਂਗਰਸ ਦੇ ਵਿਕਰਮਾਦਿੱਤਿਆ ਸਿੰਘ ਨੂੰ ਸਖਤ ਟੱਕਰ ਦੇ ਰਹੀ ਹੈ।
ਵਿਕਰਮਾਦਿਤਿਆ ਸਿੰਘ ਕੋਲ 96 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ, ਜਦੋਂ ਕਿ ਉਸ ਦੀ ਹਿੰਦੂ ਅਣਵੰਡੇ ਪਰਿਵਾਰ (ਐਚਯੂਐਫ) ਦੀ ਜਾਇਦਾਦ ਵਿੱਚ 100.51 ਕਰੋੜ ਰੁਪਏ ਦੀ ਜਾਇਦਾਦ ਸ਼ਾਮਲ ਹੈ। ਕੰਗਨਾ ਰਣੌਤ ਮਹਿੰਗੀਆਂ ਕਾਰਾਂ ਦੇ ਨਾਲ-ਨਾਲ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਦੀ ਸ਼ੌਕੀਨ ਹੈ। ਕੰਗਨਾ ਕੋਲ ਤਿੰਨ ਕਾਰਾਂ ਅਤੇ ਇੱਕ ਸਕੂਟਰ ਹੈ। ਇਸ ਦੇ ਨਾਲ ਹੀ ਕੰਗਨਾ ਰਣੌਤ ਦੇ ਖਿਲਾਫ ਵੱਖ-ਵੱਖ ਅਦਾਲਤਾਂ ‘ਚ 8 ਮਾਮਲੇ ਚੱਲ ਰਹੇ ਹਨ।
12ਵੀਂ ਪਾਸ ਕੰਗਨਾ ਕੋਲ 3.92 ਕਰੋੜ ਰੁਪਏ ਦੀ ਮਰਸੀਡੀਜ਼-ਬੈਂਜ਼ ਮੇਬੈਕ ਕਾਰ ਹੈ, ਜੋ ਉਸ ਨੇ 2023 ਵਿੱਚ ਹੀ ਖਰੀਦੀ ਹੈ। ਉਸ ਕੋਲ 98.25 ਲੱਖ ਰੁਪਏ ਦੀ ਇੱਕ BMW, 58.66 ਲੱਖ ਰੁਪਏ ਦੀ ਇੱਕ ਹੋਰ ਮਰਸੀਡੀਜ਼ ਅਤੇ 53 ਹਜ਼ਾਰ 827 ਰੁਪਏ ਦੀ ਇੱਕ ਵੈਸਪਾ ਸਕੂਟਰ ਵੀ ਹੈ।
5 ਕਰੋੜ ਦਾ 6.70 ਕਿਲੋ ਸੋਨਾ, 3 ਕਰੋੜ ਦੇ ਹੀਰਿਆਂ ਦੇ ਗਹਿਣੇ
ਬਾਲੀਵੁੱਡ ਅਦਾਕਾਰਾ ਰਣੌਤ ਕੋਲ 5 ਕਰੋੜ ਦੀ ਕੀਮਤ ਦੇ 6.70 ਕਿਲੋ ਸੋਨੇ ਦੇ ਗਹਿਣੇ, 50 ਲੱਖ ਰੁਪਏ ਦੀ 60 ਕਿਲੋ ਚਾਂਦੀ ਅਤੇ 3 ਕਰੋੜ ਰੁਪਏ ਦੇ 14 ਕੈਰੇਟ ਦੇ ਹੀਰੇ ਅਤੇ ਗਹਿਣੇ ਹਨ।
17.39 ਕਰੋੜ ਦੀ ਦੇਣਦਾਰੀ
ਕੰਗਨਾ ਦੀ ਕੁੱਲ ਚੱਲ ਜਾਇਦਾਦ 28.73 ਕਰੋੜ ਰੁਪਏ ਅਤੇ ਅਚੱਲ ਜਾਇਦਾਦ 63 ਕਰੋੜ ਰੁਪਏ ਹੈ। ਕੰਗਨਾ ਦੇ ਹਲਫਨਾਮੇ ਮੁਤਾਬਕ ਉਸ ‘ਤੇ 17.39 ਕਰੋੜ ਰੁਪਏ ਦੀਆਂ ਦੇਣਦਾਰੀਆਂ ਹਨ। 2018-19 ‘ਚ ਕੰਗਨਾ ਦੀ ਕੁੱਲ ਆਮਦਨ 12 ਕਰੋੜ ਰੁਪਏ ਸਾਲਾਨਾ ਸੀ, ਜੋ 2021-22 ‘ਚ ਵਧ ਕੇ 12.30 ਕਰੋੜ ਰੁਪਏ ਹੋ ਗਈ। ਪਰ, 2022-23 ਵਿੱਚ ਇਹ ਇੱਕ ਤਿਹਾਈ ਘਟ ਕੇ 4.12 ਕਰੋੜ ਰਹਿ ਗਈ। ਭਾਜਪਾ ਉਮੀਦਵਾਰ ਕੋਲ 2 ਲੱਖ ਰੁਪਏ ਦੀ ਨਕਦੀ ਹੈ।



