ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਫਗਾਨਿਸਤਾਨ ਵਿਚ ਧਰਮ ਦੇ ਆਧਾਰ ਉੱਤੇ ਹੋ ਰਹੇ ਵਿਤਕਰੇ ਅਤੇ ਜ਼ੁਲਮਾਂ ਤੋਂ ਤੰਗ ਆਏ ਅਫਗਾਨੀ ਸਿੱਖਾਂ ਨੂੰ ਭਾਰਤ ਲਿਆਉਣ ਦਾ ਸਿਲਸਿਲਾ ਜਾਰੀ ਹੈ। ਇਸੇ ਕੜੀ ਵਿਚ ਅੱਜ ਸ਼ੁੱਕਰਵਾਰ ਨੂੰ 128 ਹੋਰ ਅਫਗਾਨੀ ਸਿੱਖਾਂ ਦਾ ਜੱਥਾ ਭਾਰਤ ਪਹੁੰਚਿਆ ਹੈ। ਇਸ ਦੇ ਨਾਲ ਹੀ ਅਫਗਾਨੀ ਸਿੱਖ ਉੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਪਾਵਨ ਸਰੂਪ ਵੀ ਨਾਲ ਲੈ ਕੇ ਆਏ ਹਨ।
ਦਰਅਸਲ ਅਫਗਾਨਿਸਤਾਨ ਵਿਚ ਘੱਟ ਗਿਣਤੀਆਂ ਸਿੱਖਾਂ ਅਤੇ ਹਿੰਦੂਆਂ ਨੂੰ ਕੱਟੜਪੰਥੀਆਂ ਅਤੇ ਉੱਥੋਂ ਦੇ ਅੱਤਵਾਦੀ ਸੰਗਠਨਾਂ ਦੁਆਰਾ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਕਰਕੇ ਇਨ੍ਹਾਂ ਨੂੰ ਭਾਰਤ ਸਰਕਾਰ ਦੀ ਸਹਾਇਤਾ ਨਾਲ ਦੇਸ਼ ਲਿਆਉਣ ਦਾ ਕੰਮ ਜਾਰੀ ਹੈ।ਇਸੇ ਤਹਿਤ ਅੱਜ ਸ਼ੁੱਕਰਵਾਰ ਨੂੰ 128 ਸਿੱਖਾਂ ਦਾ ਜੱਥਾ ਦਿੱਲੀ ਏਅਰਪੋਰਟ ਉੱਤੇ ਪਹੁੰਚਿਆ ਅਤੇ ਆਪਣੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸਰੂਪ ਵੀ ਨਾਲ ਲੈ ਕੇ ਆਇਆ ਜਿਸ ਲਈ ਜਹਾਜ਼ ਵਿਚ ਪੂਰੇ ਇੰਤਜ਼ਾਮ ਕੀਤੇ ਗਏ ਸਨ। ਦਰਅਸਲ ਅਫਗਾਨਿਸਤਾਨ ਵਿਚ ਗੁਰਦੁਆਰਾ ਸਾਹਿਬ ਸੁਰੱਖਿਅਤ ਨਹੀਂ ਹਨ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਫਗਾਨੀ ਸਿੱਖ ਉੱਥੋਂ ਨਾਲ ਲੈ ਕੇ ਆਏ ਹਨ।
ਉੱਥੇ ਹੀ ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ(ਡੀਐਸਜੀਐਮਸੀ) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ”ਡੀਐਸਜੀਐਮਸੀ ਭਾਰਤ ਸਰਕਾਰ ਦੇ ਸਹਿਯੋਗ ਨਾਲ ਅਫਗਾਨੀ ਸਿੱਖਾਂ ਅਤੇ ਹਿੰਦੂਆਂ ਨੂੰ ਦੇਸ਼ ਲਿਆ ਰਹੀ ਹੈ। ਹੁਣ ਤੱਕ 180 ਪਰਿਵਾਰ ਭਾਰਤ ਲਿਆਏ ਜਾ ਚੁੱਕੇ ਹਨ ਅਤੇ 128 ਪਰਿਵਾਰ ਅੱਜ ਆਏ ਹਨ, ਜਿਨ੍ਹਾਂ ਦੀ ਦੇਖ-ਰੇਖ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੀਤੀ ਜਾ ਰਹੀ ਹੈ”। ਦੱਸ ਦਈਏ ਕਿ ਭਾਰਤ ਆਉਣ ਵਾਲੇ ਅਫਗਾਨੀ ਸਿੱਖਾਂ ਦਾ ਇਹ ਤੀਜਾ ਜੱਥਾ ਹੈ।
