ਸੰਗਰੂਰ: ਪਤੰਗਬਾਜ਼ੀ ਦੇ ਸ਼ੌਕ ਨੇ ਇੱਕ ਹੱਸਦੇ-ਖੇਡਦੇ ਪਰਿਵਾਰ ਦੀਆਂ ਖ਼ੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ ਹੈ। ਸੰਗਰੂਰ ਦੇ ਨਜ਼ਦੀਕੀ ਪਿੰਡ ਤੁੰਗਾਂ ਵਿੱਚ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਛੇਵੀਂ ਜਮਾਤ ਵਿੱਚ ਪੜ੍ਹਦੇ 12 ਸਾਲਾ ਬੱਚੇ ਦੀ ਆਪਣੇ ਹੀ ਘਰ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਹਰਜੋਤ ਸਿੰਘ ਵਜੋਂ ਹੋਈ ਹੈ, ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਕਿਵੇਂ ਵਾਪਰਿਆ ਇਹ ਭਿਆਨਕ ਹਾਦਸਾ?
ਜਾਣਕਾਰੀ ਮੁਤਾਬਕ ਇਹ ਘਟਨਾ ਬੀਤੇ ਕੱਲ੍ਹ (11 ਜਨਵਰੀ) ਦੇਰ ਸ਼ਾਮ ਵਾਪਰੀ। ਹਰਜੋਤ ਸਿੰਘ ਆਪਣੇ ਘਰ ਦੀ ਤੀਜੀ ਮੰਜ਼ਿਲ ‘ਤੇ ਪਤੰਗ ਉਡਾ ਰਿਹਾ ਸੀ। ਘਰ ਵਿੱਚ ਲਿਫਟ ਲਗਾਉਣ ਲਈ ਜਗ੍ਹਾ ਛੱਡੀ ਗਈ ਸੀ ਅਤੇ ਤੀਜੀ ਮੰਜ਼ਿਲ ‘ਤੇ ਉਸ ਜਗ੍ਹਾ ‘ਤੇ ਸੁਰੱਖਿਆ ਲਈ ਗਰਿੱਲਾਂ ਲੱਗੀਆਂ ਹੋਈਆਂ ਸਨ। ਪਤੰਗ ਉਡਾਉਂਦੇ ਸਮੇਂ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਹਰਜੋਤ ਗਰਿੱਲਾਂ ਵਾਲੇ ਹਿੱਸੇ ਤੋਂ ਸਿੱਧਾ ਹੇਠਾਂ ਜਾ ਡਿੱਗਿਆ।
ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੋਈ ਮੌਤ
ਹਾਦਸੇ ਤੋਂ ਤੁਰੰਤ ਬਾਅਦ ਜ਼ਖਮੀ ਹਰਜੋਤ ਨੂੰ ਪਰਿਵਾਰਕ ਮੈਂਬਰ ਸੰਗਰੂਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲੈ ਕੇ ਗਏ। ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਪਟਿਆਲਾ ਦੇ ਅਮਰ ਹਸਪਤਾਲ ਲਈ ਰੈਫਰ ਕਰ ਦਿੱਤਾ। ਬਦਕਿਸਮਤੀ ਨਾਲ, ਪਟਿਆਲਾ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਹਰਜੋਤ ਨੇ ਦਮ ਤੋੜ ਦਿੱਤਾ। ਅੱਜ ਸਵੇਰੇ ਲਗਭਗ 11 ਵਜੇ ਨਮ ਅੱਖਾਂ ਨਾਲ ਮਾਸੂਮ ਬੱਚੇ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਪਿੰਡ ਵਿੱਚ ਸੋਗ ਦੀ ਲਹਿਰ
ਹਰਜੋਤ ਆਪਣੇ ਪਰਿਵਾਰ ਦਾ ਕੱਲਾ-ਕੱਲਾ ਚਿਰਾਗ ਸੀ, ਜਿਸ ਕਾਰਨ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪੂਰੇ ਪਿੰਡ ਤੁੰਗਾਂ ਵਿੱਚ ਸੋਗ ਦੀ ਲਹਿਰ ਹੈ ਅਤੇ ਹਰ ਕਿਸੇ ਦੀ ਅੱਖ ਨਮ ਹੈ। ਪਤੰਗ ਦੇ ਸ਼ੌਕ ਕਾਰਨ ਵਾਪਰੇ ਇਸ ਹਾਦਸੇ ਨੇ ਇੱਕ ਵਾਰ ਫਿਰ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਸੁਚੇਤ ਹੋਣ ਦਾ ਹੋਕਾ ਦਿੱਤਾ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/dr-jyoti-yadav-takes-charge-as-new-ssp-of-bathinda-making-the-district-crime-free-will-be-the-main-priority/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ


