ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਦੇ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦਾ ਮਾਮਲੇ ਵਿਚ ਗੰਭੀਰ ਆਰੋਪਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਘਰ ਉੱਤੇ ਪੰਜਾਬ ਪੁਲਿਸ ਨੇ ਅੱਜ ਸ਼ੁੱਕਰਵਾਰ ਸਵੇਰੇ ਰੇਡ ਮਾਰੀ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਮੁਹਾਲੀ ਪੁਲਿਸ ਵੱਲੋਂ ਸੁਮੇਧ ਸੈਣੀ ਦੀ ਗਿਰਫਤਾਰੀ ਲਈ ਸੈਕਟਰ 20 ਸਥਿਤ ਉਨ੍ਹਾਂ ਦੀ ਕੋਠੀ ਵਿਚ ਰੇਡ ਮਾਰੀ ਗਈ ਹੈ ਪਰ ਉਸ ਸਮੇਂ ਸੁਮੇਧ ਸੈਣੀ ਘਰ ਨਹੀਂ ਸਨ। ਉੱਥੇ ਹੀ ਬੀਤੇ ਵੀਰਵਾਰ ਨੂੰ ਮੁਹਾਲੀ ਅਦਾਲਤ ਨੇ ਇਸ ਮਾਮਲੇ ਵਿਚ ਸੁਣਵਾਈ ਕਰਦੇ ਹੋਏ ਸੁਮੇਧ ਸੈਣੀ ਦੀ ਅਗਾਊ ਜ਼ਮਾਨਤ ਅਰਜ਼ੀ ’ਤੇ ਆਪਣਾ ਫ਼ੈਸਲਾ 29 ਅਗਸਤ ਤੱਕ ਰਾਖਵਾਂ ਰੱਖ ਲਿਆ ਸੀ। ਸੁਮੇਧ ਸੈਣੀ ਵਿਰੁੱਧ ਅਦਾਲਤ ਨੇ ਹਾਲ ਵਿਚ ਹੀ ਇਸ ਮਾਮਲੇ ‘ਚ ਧਾਰਾ 302 ਜੋੜਨ ਦੀ ਆਗਿਆ ਦਿੱਤੀ ਹੈ ਜਿਸ ਕਰਕੇ ਉਸ ਦੀਆਂ ਮੁਸ਼ਕਿਲਾਂ ਹੋ ਵੱਧ ਗਈਆਂ ਹਨ।
ਕੀ ਹੈ ਪੂਰਾ ਮਾਮਲਾ
ਦਰਅਸਲ 1991 ਵਿਚ ਸੁਮੇਧ ਸਿੰਘ ਸੈਣੀ ਚੰਡੀਗੜ੍ਹ ਦੇ ਐੱਸਐੱਸਪੀ ਸਨ, ਸੈਣੀ ‘ਤੇ ਉਸ ਵੇਲੇ ਦਹਿਸ਼ਤਗਰਦੀ ਹਮਲਾ ਹੋਇਆ ਸੀ ਜਿਸ ਵਿੱਚ ਸੁਮੇਧ ਸੈਣੀ ਦੇ ਚਾਰ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ ਅਤੇ ਉਹ ਜਖਮੀ ਹੋ ਗਏ ਸਨ। ਇਲਜ਼ਾਮ ਹੈ ਕੀ ਸੁਮੇਧ ਸਿੰਘ ਸੈਣੀ ਦੇ ਇਸ਼ਾਰੇ ‘ਤੇ ਸਾਬਕਾ IAS ਅਫ਼ਸਰ ਦਰਸ਼ਨ ਸਿੰਘ ਮੁਲਤਾਨੀ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਨੂੰ ਘਰ ਤੋਂ ਚੁੱਕਿਆ ਗਿਆ ਸੀ ਇਸ ਤੋਂ ਬਾਅਦ ਕਿਹਾ ਗਿਆ ਸੀ ਕਿ ਬਲਵੰਤ ਸਿੰਘ ਮੁਲਤਾਨੀ ਪੁਲਿਸ ਦੀ ਗਿਰਫ਼ਤ ਤੋਂ ਭੱਜ ਗਿਆ, ਜਦਕਿ ਮੁਲਤਾਨੀ ਦੇ ਪਰਿਵਾਰ ਦਾ ਆਰੋਪ ਹੈ ਕਿ ਪੁਲਿਸ ਟਾਰਚਰ ਦੌਰਾਨ ਉਸ ਦੀ ਮੌਤ ਹੋਈ ਸੀ। ਇਸ ਮਾਮਲੇ ਵਿਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਮੇਤ ਛੇ ਮੁਲਜ਼ਮਾਂ ਐਸਪੀ ਬਲਦੇਵ ਸਿੰਘ ਸੈਣੀ ਤੇ ਇੰਸਪੈਕਟਰ ਸਤਵੀਰ ਸਿੰਘ, ਹਰ ਸਹਾਏ ਸ਼ਰਮਾ (69) ਵਾਸੀ ਸੈਕਟਰ-51 ਡੀ, ਜਗੀਰ ਸਿੰਘ (70) ਵਾਸੀ ਸੈਕਟਰ-51, ਅਨੋਖ ਸਿੰਘ (65) ਵਾਸੀ ਸੈਕਟਰ-21 ਤੇ ਕੁਲਦੀਪ ਸਿੰਘ ਸੰਧੂ (66) ਵਾਸੀ ਮਨੀਮਾਜਰਾ ਖ਼ਿਲਾਫ਼ ਮਟੌਰ ਥਾਣੇ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਸਪੀ ਬਲਦੇਵ ਸਿੰਘ ਸੈਣੀ ਤੇ ਇੰਸਪੈਕਟਰ ਸਤਵੀਰ ਸਿੰਘ ਦੀ ਮੌਤ ਹੋ ਚੁੱਕੀ ਹੈ।

