ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-5 ਅਗਸਤ ਨੂੰ ਅਯੁੱਧਿਆ ਵਿਚ ਰਾਮ ਮੰਦਰ ਦਾ ਭੂਮੀ ਪੂਜਨ ਕੀਤਾ ਜਾਣਾ ਹੈ ਪਰ ਇਸ ਤੋਂ ਪਹਿਲਾਂ ਉੱਥੇ ਸੁਰੱਖਿਆ ਵਿਚ ਤਾਇਨਾਤ 16 ਸੁਰੱਖਿਆ ਕਰਮੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇੰਨਾ ਹੀ ਨਹੀਂ ਰਾਮਲਲਾ ਦੇ ਪੁਜਾਰੀ ਪ੍ਰਦੀਪ ਦਾਸ ਦੀ ਵੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਗੱਲ ਦੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਮਲੇ ਵਿਚ ਹੜਕੰਪ ਮਚ ਗਿਆ ਹੈ ਅਤੇ ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਿਹਾ ਹੈ ਕਿ ਇਨ੍ਹਾਂ ਦੇ ਸੰਪਰਕ ਵਿਚ ਕੋਣ-ਕੋਣ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ 16 ਕੋਰੋਨਾ ਪੀੜਤ ਸੁਰੱਖਿਆ ਕਰਮੀਆਂ ਵਿਚ ਫਾਇਰ ਬ੍ਰਿਗੇਡ ਦੇ ਸਿਪਾਹੀ, ਪੀਐਸ ਅਤੇ ਪੁਲਿਸ ਦੇ ਜਵਾਨ ਸ਼ਾਮਲ ਹਨ। ਵੱਡੀ ਗੱਲ ਇਹ ਹੈ ਕਿ ਕੋਰੋਨਾ ਪਾਜ਼ੀਟਿਵ ਪਾਏ ਗਏ ਪੁਜਾਰੀ ਪ੍ਰਦੀਪ ਦਾਸ ਰਾਮ ਲਲਾ ਦੇ ਮੁੱਖ ਪੁਜਾਰੀ ਆਚਾਰਿਆ ਸਤੇਂਦਰ ਦਾਸ ਦੇ ਸਹਾਇਕ ਹਨ। ਦਰਅਸਲ ਮੁੱਖ ਪੁਜਾਰੀ ਦੇ ਨਾਲ ਚਾਰ ਹੋਰ ਪੁਜਾਰੀ ਵੀ ਰਾਮ ਲਲਾ ਦੀ ਸੇਵਾ ਕਰਦੇ ਹਨ ਜਿਸ ਕਰਕੇ ਹੁਣ ਪ੍ਰਸ਼ਾਸਨ ਨੇ ਮੁੱਖ ਪੁਜਾਰੀ ਅਤੇ ਬਾਕੀ ਹੋਰ ਤਿੰਨਾਂ ਪੁਜਾਰੀਆਂ ਦਾ ਵੀ ਕੋਰੋਨਾ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਬਾਕੀ ਕੋਰੋਨਾ ਪੀੜਤਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ 5 ਅਗਸਤ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਰਾਮ ਮੰਦਰ ਦਾ ਭੂਮੀ ਪੂਜਨ ਕਰਨ ਅਤੇ ਨੀਂਹ ਪੱਥਰ ਰੱਖਣ ਲਈ ਅਯੁੱਧਿਆ ਆ ਰਹੇ ਹਨ। ਇਸ ਮੌਕੇ ਉੱਤੇ ਉਨ੍ਹਾਂ ਨਾਲ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ, ਲਾਲ ਕ੍ਰਿਸ਼ਣ ਅਡਵਾਣੀ, ਸੰਘ ਮੁੱਖੀ ਮੋਹਨ ਭਾਗਵਤ ਵਰਗੀਆਂ ਮੁੱਖ ਹਸਤੀਆਂ ਮੌਜੂਦ ਰਹਿਣਗੀਆਂ। ਰਾਮ ਮੰਦਰ ਤੀਰਥ ਖੇਤਰ ਟਰੱਸਟ ਦਿਨ-ਰਾਤ ਇਸ ਵੱਡੇ ਸਮਾਗਮ ਦੀਆਂ ਤਿਆਰੀਆਂ ਵਿਚ ਲੱਗਿਆ ਹੋਇਆ ਹੈ ਪਰ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਦੀਆਂ ਚਿੰਤਾ ਵੱਧ ਗਈਆਂ ਹਨ। ਦੂਜੇ ਪਾਸੇ ਟਰੱਸਟ ਨੇ ਭਗਵਾਨ ਰਾਮ ਦੇ ਭਗਤਾਂ ਨੂੰ ਪਹਿਲਾਂ ਹੀ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਮਹਾਂਮਾਰੀ ਕਰਕੇ 5 ਅਗਸਤ ਨੂੰ ਭੂਮੀ ਪੂਜਨ ਮੌਕੇ ਅਯੁੱਧਿਆ ਨਾ ਪਹੁੰਚਣ ਅਤੇ ਟੈਲੀਵਿਜ਼ਨ ਉੱਤੇ ਹੀ ਇਸ ਪੂਰੇ ਸਮਾਗਮ ਨੂੰ ਵੇਖਣ। ਨਾਲ ਹੀ ਟਰੱਸਟ ਵੱਲੋਂ ਸ਼ਾਮ ਨੂੰ ਦੀਵੇ ਜਲਾਉਣ ਲਈ ਵੀ ਕਿਹਾ ਗਿਆ ਹੈ।
