ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਪੈਂਦੇ ਪਿੰਡ ਬਾਜੇਚੱਕ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ 25 ਦੇ ਕਰੀਬ ਨੌਜਵਾਨ ਮੋਟਰਸਾਇਕਲ ਉੱਤੇ ਸਵਾਰ ਹੋ ਕੇ ਰਵਾਇਤੀ ਹਥਿਆਰ ਲਹਿਰਾਉਂਦੇ ਹੋਏ ਪਿੰਡ ਵਿਚ ਦਾਖਲ ਹੋਏ ਤੇ ਉੱਥੇ ਖੂਬ ਹੱਲਾ ਮਚਾਇਆ ਜਿਸ ਕਰਕੇ ਡਰੇ-ਸਹਿਮੇ ਪਿੰਡ ਦੇ ਲੋਕ ਕੁੱਝ ਸਮੇਂ ਲਈ ਆਪਣੇ ਘਰਾਂ ਅੰਦਰ ਬੰਦ ਹੋਣ ਨੂੰ ਮਜ਼ਬੂਰ ਹੋ ਗਏ।
ਉੱਥੇ ਹੀ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਅਚਾਨਕ ਹੀ ਪਿੰਡ ਵਿਚ ਸ਼ੋਰ-ਸ਼ਰਾਬੇ ਦੀਆਂ ਅਵਾਜ਼ਾ ਸੁਣੀਆਂ, ਜਦੋਂ ਬਾਹਰ ਨਿਕਲ ਕੇ ਵੇਖਿਆ ਤਾਂ 25 ਦੇ ਲਗਭਗ ਨੌਜਵਾਨ ਮੋਟਰਸਾਇਕਲ ਉੱਤੇ ਆ ਰਹੇ ਸਨ ਅਤੇ ਉਨ੍ਹਾਂ ਦੇ ਹੱਥਾਂ ਵਿਚ ਦਾਤਰ, ਕਿਰਪਾਨਾਂ ਆਦਿ ਰਵਾਇਤੀ ਹਥਿਆਰ ਸਨ। ਪਿੰਡ ਵਾਸੀਆਂ ਮੁਤਾਬਕ ਉਨ੍ਹਾਂ ਨੌਜਵਾਨਾਂ ਨੇ ਲੋਕਾਂ ਦੇ ਘਰਾਂ ਦੇ ਗੇਟਾਂ ਉੱਤੇ ਦਾਤਰ ਅਤੇ ਕਿਰਪਾਨਾਂ ਮਾਰੀਆਂ ਨਾਲ ਹੀ ਇੱਟਾਂ-ਰੋੜੇ ਵੀ ਬਰਸਾਏ ਗਏ, ਜਿਸ ਕਰਕੇ ਉਹ ਆਪਣੇ ਘਰਾਂ ਵਿਚ ਬੰਦ ਹੋ ਗਏ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਹੱਲਾ ਮਚਾਉਣ ਤੋਂ ਬਾਅਦ ਸਾਰੇ ਨੌਜਵਾਨ ਪਿੰਡ ਵਿਚੋਂ ਫਰਾਰ ਹੋ ਗਏ।
ਉੱਥੇ ਹੀ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਅਜਿਹੇ ਗੁੰਡਾਂ ਅਨਸਰਾਂ ਉੱਤੇ ਕਾਬੂ ਪਾਇਆ ਜਾਵੇ ਅਤੇ ਇਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਪੁਲਿਸ ਨੇ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ 112 ਨੰਬਰ ਉੱਤੇ ਸ਼ਿਕਾਇਤ ਮਿਲੀ ਸੀ ਕਿ ਪਿੰਡ ਬਾਜੇਚੱਕ ਵਿਚ ਕੁੱਝ ਗੁੰਡਾ ਅਨਸਰਾਂ ਵੱਲੋਂ ਭੱੜਥੂ ਪਾਇਆ ਗਿਆ ਹੈ ਜਿਸ ਤੋਂ ਬਾਅਦ ਉਹ ਮੌਕੇ ਉੱਤੇ ਪਹੁੰਚੇ ਹਨ। ਪੁਲਿਸ ਮੁਤਾਬਕ ਇਸ ਪਿੰਡ ਦੇ ਨੌਜਵਾਨਾਂ ਦਾ ਦੂਜੇ ਪਿੰਡ ਦੇ ਲੜਕਿਆਂ ਨਾਲ ਝਗੜਾ ਹੋਇਆ ਸੀ ਜਿਸ ਕਰਕੇ ਇਹ ਘਟਨਾ ਵਾਪਰੀ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
