ਭੂਮੀ ਪੂਜਨ ਲਈ ਅਯੁੱਧਿਆ ਵਿਚ ਤਿਆਰੀਆਂ ਮੁਕੰਮਲ, ਸੁਰੱਖਿਆ ਦੇ ਪੁਖਤਾ ਇੰਤਜ਼ਾਮ, ਪੀਐਮ ਮੋਦੀ ਲਈ ਹੈਲੀਪੈਡ ਤਿਆਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਯੁੱਧਿਆ ਵਿਚ ਭਲਕੇ ਬੁੱਧਵਾਰ ਨੂੰ ਰਾਮ ਮੰਦਰ ਨਿਰਮਾਣ ਲਈ ਭੂਮੀਪੂਜਨ ਕੀਤਾ ਜਾਣਾ ਹੈ ਜਿਸ ਲਈ ਤਿਆਰੀਆਂ ਨੂੰ ਪੂਰੀ ਤਰ੍ਹਾਂ ਮੁਕੰਮਲ ਕਰ ਲਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਯੁੱਧਿਆ ਵਿਚ ਭਲਕੇ ਬੁੱਧਵਾਰ ਨੂੰ ਰਾਮ ਮੰਦਰ ਨਿਰਮਾਣ ਲਈ ਭੂਮੀਪੂਜਨ ਕੀਤਾ ਜਾਣਾ ਹੈ ਜਿਸ ਲਈ ਤਿਆਰੀਆਂ ਨੂੰ ਪੂਰੀ ਤਰ੍ਹਾਂ ਮੁਕੰਮਲ ਕਰ ਲਿਆ ਗਿਆ ਹੈ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਜਾ ਕੇ ਭਗਵਾਨ ਸ਼੍ਰੀ ਰਾਮ ਦੇ ਮੰਦਰ ਨਿਰਮਾਣ ਲਈ ਭੂਮੀਪੂਜਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਲਈ ਅਯੁੱਧਿਆ ਨੂੰ ਹਾਈਅਲਰਟ ਉੱਤੇ ਰੱਖਿਆ ਗਿਆ ਹੈ ਅਤੇ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਹਨ।ਉੱਥੇ ਹੀ ਕੋਰੋਨਾ ਵਾਇਰਸ ਦੇ ਸੰਕਰਮਨ ਤੋਂ ਬਚਾਅ ਲਈ ਅਯੁੱਧਿਆ ਨਗਰੀ ਵਿਚ ਸਾਰੇ ਮੰਦਰਾਂ ਨੂੰ ਸੈਨਾਟਾਈਜ਼ ਕੀਤਾ ਜਾ ਰਿਹਾ ਹੈ।

ਆਯੋਜਨ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਬੀਤੇ ਸੋਮਵਾਰ ਖੁਦ ਸੀਐਮ ਯੋਗੀ ਅਦਿਤਿਆਨਾਥ ਨੇ ਅਯੁੱਧਿਆ ਦਾ ਦੌਰਾ ਕੀਤਾ ਹੈ ਅਤੇ ਪ੍ਰਸ਼ਾਸਨ ਦੁਆਰਾ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ। ਭੂਮੀ ਪੂਜਨ ਲਈ ਪੀਐਮ ਮੋਦੀ ਸਵੇਰੇ 11.30 ਵਜੇ ਅਯੁੱਧਿਆ ਪਹੁੰਚਣਗੇ ਅਤੇ ਇਸ ਲਈ ਨਗਰ ਦੇ ਸਾਕੇਤ ਕਾਲਜ ਵਿਚ ਉਨ੍ਹਾਂ ਦੇ ਹੈਲੀਕਾਪਟਰ ਵਾਸਤੇ ਹੈਲੀਪੈਡ ਬਣਾਇਆ ਗਿਆ ਹੈ। ਉੱਥੇ ਹੀ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿਚ ਰੱਖਦੇ ਹੋਏ ਤਿੰਨ ਅਗਸਤ ਨੂੰ ਹੀ ਅਯੁੱਧਿਆ ਆਉਣ ਵਾਲੇ ਸਾਰੇ ਰਸਤੇ ਸੀਲ ਕਰ ਦਿੱਤੇ ਗਏ ਸਨ। ਇਸ ਆਯੋਜਨ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਸਿਰੇ ਚਾੜਨ ਲਈ ਵੱਡੀ ਗਿਣਤੀ ਵਿਚ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਸੁਰੱਖਿਆ ਵਿਚ 3500 ਪੁਲਿਸ ਕਰਮੀਆਂ ਤੋਂ ਇਲਾਵਾ 40 ਕੰਪਨੀਆਂ ਪੀਐਸ ਅਤੇ 10 ਕੰਪਨੀਆਂ ਆਰਐਫ ਦੀਆਂ ਲਗਾਈਆਂ ਗਈਆਂ ਹਨ।

ਪ੍ਰਧਾਨ ਮੰਤਰੀ ਤੋਂ ਇਲਾਵਾ ਇਸ ਆਯੋਜਨ ਵਿਚ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਅਤੇ ਆਰਐਸਐਸ ਮੁੱਖੀ ਮੋਹਨ ਭਾਗਵਤ ਵੀ ਸ਼ਿਰਕਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਭੂਮੀ ਪੂਜਨ ਤੋਂ ਬਾਅਦ ਲਗਭਗ ਇਕ ਘੰਟੇ ਤੱਕ ਪੀਐਮ ਮੋਦੀ ਦੇਸ਼ ਨੂੰ ਸੰਬੋਧਿਤ ਵੀ ਕਰ ਸਕਦੇ ਹਨ । ਦੂਜੇ ਪਾਸੇ ਅਯੁੱਧਿਆ ਨਗਰੀ ਨੂੰ ਪੂਰੀ ਤਰ੍ਹਾਂ ਸਜਾ ਦਿੱਤਾ ਗਿਆ ਹੈ। ਅਯੁੱਧਿਆ ਵਿਚ ਐਂਟਰੀ ਦੇ ਹਰ ਰਸਤੇ ਉੱਤੇ ਵੱਡੇ-ਵੱਡੇ ਗੇਟ ਬਣਾਏ ਗਏ ਹਨ,ਜਿਨ੍ਹਾਂ ਵਿਚ ਭਗਵਾਨ ਰਾਮ ਦੀ ਤਸਵੀਰ ਬਣੀ ਹੋਈ ਹੈ। ਰਾਮ ਦੇ ਰੰਗ ਵਿਚ ਰੰਗੀ ਅਯੁੱਧਿਆ ਦੇ ਹਰ ਘਰ ਅੱਗੇ ਝੰਡੀਆਂ ਲਹਿਰਾ ਰਹੀਆਂ ਹਨ। ਇਨ੍ਹਾਂ ਝੰਡੀਆਂ ਵਿਚ ਭਗਵਾਨ ਰਾਮ ਅਤੇ ਹਨੂੰਮਾਨ ਦੇ ਚਿੱਤਰ ਬਣਾਏ ਗਏ ਹਨ।

Leave a Reply

Your email address will not be published. Required fields are marked *