ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿਚ ਬੀਤੀ ਰਾਤ ਇਕ ਵਿਧਾਇਕ ਦੇ ਭਾਂਜੇ ਦੁਆਰਾ ਫੇਸਬੁੱਕ ਉੱਤੇ ਕੀਤੀ ਇਤਰਾਜ਼ਯੋਗ ਪੋਸਟ ਤੋਂ ਬਾਅਦ ਹਿੰਸਾ ਭੜਕ ਗਈ। ਨਾਰਾਜ਼ ਭੀੜ ਨੇ ਵਿਧਾਇਕ ਦੇ ਘਰ ਅਤੇ ਥਾਣੇ ਉੱਤੇ ਹਮਲਾ ਕਰ ਦਿੱਤਾ। ਇਸ ਦੌਰਾਨ ਲਗਭਗ 60 ਲੋਕ ਜ਼ਖ਼ਮੀ ਹੋ ਗਏ ਹਨ ਜਦਕਿ 2 ਪ੍ਰਦਰਸ਼ਨਕਾਰੀਆਂ ਦੀ ਪੁਲਿਸ ਫਾਇਰਿੰਗ ਵਿਚ ਮੌਤ ਵੀ ਹੋ ਗਈ ਹੈ। ਹਾਲਾਤ ਅਜੇ ਵੀ ਤਣਾਅਪੂਰਨ ਬਣੇ ਹੋਏ ਹਨ।
ਜਾਣਕਾਰੀ ਅਨੁਸਾਰ ਕਾਂਗਰਸੀ ਵਿਧਾਇਕ ਅਖੰਡ ਸ਼੍ਰੀਨਿਵਾਸ ਮੂਰਤੀ ਦੇ ਭਾਂਜੇ ਨੇ ਕਥਿਤ ਤੌਰ ਉੱਤੇ ਪੈਂਗਬਰ ਮੁਹੰਮਦ ਸਾਹਿਬ ਦੇ ਵਿਰੁੱਧ ਸੋਸ਼ਲ ਮੀਡੀਆ ਉੱਤੇ ਇਤਰਾਜ਼ਯੋਗ ਪੋਸਟ ਲਿਖੀ ਸੀ ਜਿਸ ਤੋਂ ਬਾਅਦ ਸ਼ਾਮ ਸਾਢੇ 7 ਵਜੇ ਦੇ ਕਰੀਬ ਇਕ ਖਾਸ ਭਾਈਚਾਰੇ ਦੇ ਸੈਂਕੜਾਂ ਲੋਕਾਂ ਦੀ ਭੀੜ ਉਨ੍ਹਾਂ ਦੇ ਘਰ ਬਾਹਰ ਜਮ੍ਹਾ ਹੋ ਗਈ। ਨਾਰਾਜ਼ ਭੀੜ ਨੇ ਵਿਧਾਇਕ ਦੇ ਘਰ ਬਾਹਰ ਪੱਥਰਬਾਜੀ ਕੀਤੀ। ਇੰਨਾ ਹੀ ਨਹੀਂ ਜਦੋਂ ਗੁੱਸਾ ਸ਼ਾਂਤ ਨਹੀਂ ਹੋਇਆ ਤਾਂ ਉੱਥੇ ਮੌਜੂਦ 2 ਤੋਂ 3 ਗੱਡੀਆਂ ਵਿਚ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਭੀੜ ਡੀਜੇ ਹੱਲੀ ਪੁਲਿਸ ਸਟੇਸ਼ਨ ਪਹੁੰਚ ਗਈ ਅਤੇ ਉੱਥੇ ਵੀ ਜਮ ਕੇ ਹੰਗਾਮਾ ਕੀਤਾ ਅਤੇ ਭੰਨ-ਤੋੜ ਕੀਤੀ। ਸਥਿਤੀ ਖਰਾਬ ਹੁੰਦੀ ਵੇਖ ਆਖਰ ਵਿਚ ਪੁਲਿਸ ਨੂੰ ਫਾਇਰਿੰਗ ਵੀ ਕਰਨੀ ਪਈ ਜਿਸ ਵਿਚ ਦੋ ਲੋਕਾਂ ਦੀ ਜਾਨ ਚੱਲੀ ਗਈ। ਉੱਥੇ ਹੀ ਪੁਲਿਸ ਨੇ ਕਥਿਤ ਤੌਰ ‘ਤੇ ਇਤਰਾਜ਼ਯੋਗ ਪੋਸਟ ਪਾਉਣ ਵਾਲੇ ਵਿਧਾਇਕ ਦੇ ਭਾਂਜੇ ਨੂੰ ਵੀ ਗਿਰਫਤਾਰ ਕਰ ਲਿਆ ਹੈ।ਹਿੰਸਾ ਵਿਚ 8 ਪੁਲਿਸ ਕਰਮੀ ਅਤੇ 60 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।
ਉੱਥੇ ਹੀ ਹਿੰਸਾ ਵਿਚ ਸ਼ਾਮਲ 110 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਬੈਂਗਲੁਰੂ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਹਾਲਾਤ ਅਜੇ ਵੀ ਤਣਾਅਪੂਰਨ ਬਣੇ ਹੋਏ ਹਨ। ਹਿੰਸਾ ਤੋਂ ਬਾਅਦ ਵਿਧਾਇਕ ਮੂਰਤੀ ਨੇ ਇਕ ਵੀਡੀਓ ਮੈਸਿਜ ਜਾਰੀ ਕਰਕੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈ ਪੁਲਿਸ ਨੂੰ ਕਿਹਾ ਹੈ ਕਿ ਉਹ ਪੋਸਟ ਕਰਨ ਵਾਲੇ ਮੇਰੇ ਭਾਂਜੇ ਨੂੰ ਗਿਰਫਤਾਰ ਕਰੇ। ਮੈ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਕੁੱਝ ਬਦਮਾਸ਼ਾਂ ਦੀਆਂ ਗਲਤੀਆਂ ਕਰਕੇ ਹਿੰਸਾਂ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ।


