ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਦੀ ਬਾਡੀ ਬਿਲਡਰ ਇੰਡਸਟਰੀ ਨੂੰ ਅੱਜ ਇੱਕ ਵੱਡਾ ਝਟਕਾ ਲੱਗਿਆ ਹੈ। ਦਰਅਸਲ ਚੋਟੀ ਦਾ ਬਾਡੀ ਬਿਲਡਰ ਅਤੇ ਸਿਤਾਰਾ ਸਤਨਾਮ ਖੱਟੜਾ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਿਆ ਹੈ। 31 ਸਾਲਾਂ ਨੈਸ਼ਨਲ ਬਾਡੀ ਬਿਲਡਰ ਸਤਨਾਮ ਖੱਟੜਾ ਦਾ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਅਤੇ ਉਸ ਦੇ ਜੱਦੀ ਪਿੰਡ ਵਿਚ ਅੱਜ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
ਸਤਨਾਮ ਖੱਟੜਾ ਦੀ ਮੌਤ ਤੋਂ ਬਾਅਦ ਜਿੱਥੇ ਉਸ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਉੱਥੇ ਹੀ ਫਿਟਨੈਸ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੋੜ ਪਈ ਹੈ। ਸਤਨਾਮ ਖੱਟੜਾ ਪਟਿਆਲਾ ਜ਼ਿਲ੍ਹੇ ਦੇ ਨਾਭਾ ਬਲਾਕ ਅਧੀਨ ਪੈਂਦੇ ਪਿੰਡ ਭਲ ਮਾਜਰਾ ਦਾ ਰਹਿਣ ਵਾਲਾ ਸੀ। ਸਤਨਾਮ ਖੱਟੜਾ ਦੇ ਬਾਡੀ, ਮਾਡਲਿੰਗ ਅਤੇ ਟਿੱਕ ਟਾਕ ਸਟਾਰ ਹੋਣ ਕਰਕੇ ਪੰਜਾਬ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿੱਚ ਲੱਖਾਂ ਫੈਨ ਹਨ,ਜਿੰਨਾ ਨੂੰ ਉਸਦੀ ਮੌਤ ਦੀ ਖ਼ਬਰ ਨੇ ਵੱਡਾ ਝਟਕਾ ਦਿੱਤਾ ਹੈ।
ਕੋਰੋਨਾ ਕਰਕੇ ਅੰਤਿਮ ਸਸਕਾਰ ਮੌਕੇ ਸਰਕਾਰ ਨੇ ਵੱਡਾ ਇੱਕਠ ਕਰਨ ਉੱਤੇ ਰੋਕ ਲਗਾਈ ਹੋਈ ਹੈ ਪਰ ਸਤਨਾਮ ਖੱਟੜਾ ਦੀ ਆਖਰੀ ਝੱਲਕ ਪਾਉਣ ਲਈ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ ਹਨ। ਇਸ ਦੁਖਦਾਈ ਘੜੀ ਮੌਕੇ ਹਰ ਇੱਕ ਦੀਆਂ ਅੱਖਾਂ ਨਮ ਸਨ।
ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਸਤਨਾਮ ਖੱਟੜਾ ਇੱਕ ਗ਼ਰੀਬ ਪਰਿਵਾਰ ਵਿੱਚੋਂ ਉੱਠ ਕੇ ਇਸ ਮੁਕਾਮ ‘ਤੇ ਪਹੁੰਚਿਆ ਸੀ। ਉਹ ਪਹਿਲਾਂ ਕਬੱਡੀ ਦਾ ਨਾਮੀ ਖਿਡਾਰੀ ਵੀ ਰਿਹਾ ਜਿਸ ਨੇ ਵਿਦੇਸ਼ਾਂ ਵਿੱਚ ਆਪਣਾ ਖੂਬ ਜ਼ੋਰ ਵਿਖਾਇਆ ਅਤੇ ਉਸ ਤੋਂ ਬਾਅਦ ਸਖ਼ਤ ਮਿਹਨਤ ਕਰਕੇ ਬਾਡੀ ਬਿਲਡਰ ਬਣਿਆ। ਪਿੰਡ ਵਾਸੀਆਂ ਨੇ ਕਿਹਾ ਕਿ ਸਤਨਾਮ ਨੇ ਪੰਜਾਬ ਭਰ ਵਿੱਚ ਬਾਡੀ ਬਿਲਡਰ ਸੈਂਟਰ ਬਣਾਏ ਅਤੇ ਨੌਜਵਾਨ ਪੀੜ੍ਹੀ ਨੂੰ ਸੇਧ ਵੀ ਦਿੱਤੀ। ਉਸ ਨੇ ਲੌਕਡਾਊਨ ਦਰਮਿਆਨ ਗਰੀਬਾਂ ਦੀ ਮੱਦਦ ਵੀ ਕੀਤੀ ਅਤੇ ਉਸ ਦਾ ਇਸ ਤਰ੍ਹਾਂ ਚਲੇ ਜਾਣ ਨਾਲ ਕਦੇ ਵੀ ਇਹ ਘਾਟਾ ਪੂਰਾ ਨਹੀਂ ਹੋਣਾ ਹੈ।
ਦੱਸਿਆ ਜਾ ਰਿਹਾ ਹੈ ਕਿ ਸਤਨਾਮ ਖੱਟੜਾ ਦੋ ਕੁ ਦਿਨ ਪਹਿਲਾਂ ਹੀ ਬਿਮਾਰ ਹੋਇਆ ਸੀ ਅਤੇ ਉਸ ਨੂੰ ਚੰਡੀਗੜ੍ਹ ਵਿੱਚ ਐਡਮਿਟ ਕਰਨ ਲਈ ਕਿਹਾ ਗਿਆ ਸੀ ਪਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਵੱਧ ਹੋਣ ਕਰਕੇ ਅਜਿਹਾ ਨਾ ਹੋ ਸਕਿਆ ਅਤੇ ਅੱਜ ਸਵੇਰੇ ਹੀ ਉਸ ਨੂੰ ਘਬਰਾਹਟ ਹੋਈ ਤੇ ਖੂਨ ਦੀ ਉਲਟੀ ਆਈ ਜਿਸ ਤੋਂ ਬਾਅਦ ਉਸ ਦੀ ਹਾਰਟ ਅਟੈਕ ਆਉਣ ਕਰਕੇ ਮੌਤ ਹੋ ਗਈ।





