ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਸ਼ੁੱਕਰਵਾਰ ਨੂੰ ਸੱਦੇ ਗਏ ਪੰਜਾਬ ਵਿਧਾਨ ਸਭਾ ਦੇ ਇਕ ਰੋਜ਼ਾ ਇਜਲਾਸ ਵਿਚ ਕਈਂ ਮਤੇ ਪਾਸ ਕਰਕੇ ਸਦਨ ਦੀ ਕਾਰਵਾਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸੈਸ਼ਨ ਦੀ ਕਾਰਵਾਈ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸ਼ੁਰੂ ਹੋਈ। ਉੱਥੇ ਹੀ ਕੋਰੋਨਾ ਦੀ ਚਪੇਟ ਵਿਚ ਆਉਣ ਕਰਕੇ ਕਈ ਵਿਧਾਇਕ ਸੈਸ਼ਨ ਦਾ ਹਿੱਸਾ ਨਹੀਂ ਬਣ ਸਕੇ। ਦੂਜੇ ਪਾਸੇ ਵਿਰੋਧੀ ਧੀਰ ਦੇ ਵੀ ਕੇਵਲ ਪੰਜ ਵਿਧਾਇਕਾਂ ਨੂੰ ਸਦਨ ਵਿਚ ਜਾਣ ਦੀ ਆਗਿਆ ਦਿੱਤੀ ਗਈ, ਜਦਕਿ ਬਾਕੀਆਂ ਨੂੰ ਕੋਰੋਨਾ ਪੀੜਤ ਵਿਅਕਤੀਆਂ ਦੇ ਸੰਪਰਕ ਵਿਚ ਆਉਣ ਕਰਕੇ ਵਿਧਾਨਸਭਾ ਵਿਚ ਆਉਣ ਤੋਂ ਰੋਕ ਦਿੱਤਾ ਗਿਆ।
ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸਿਆਸੀ ਹਸਤੀਆਂ, ਸਾਬਕਾ ਖਿਡਾਰੀਆਂ, ਸ਼ਹੀਦ ਸੈਨਿਕਾਂ, ਆਜ਼ਾਦੀ ਘੁਲਾਟੀਏ, ਕਲਾਕਾਰ ਤੇ ਹੋਰਾਂ ਨੂੰ ਯਾਦ ਕੀਤਾ ਗਿਆ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਸਰਦਾਰ ਗੁਰਦਾਸ ਬਾਦਲ, ਸਾਬਕਾ ਮੰਤਰੀ ਹਰੀ ਸਿੰਘ ਜੀਰਾ, ਜਸਟਿਸ ਸੇਵਾ ਸੱਤਪਾਲ ਬੰਗੜ, ਹਾਕੀ ਓਲੰਪੀਅਨ ਬਲਬੀਰ ਸਿੰਘ, ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ, ਸਤੀਸ਼ ਗੁਜਰਾਲ ਕਲਾਕਾਰ, ਸੁਤੰਤਰਤਾ ਸੰਗਰਾਮੀ ਸੁੱਚਾ ਸਿੰਘ, ਪਿਆਰਾ ਸਿੰਘ, ਅਜੀਤ ਸਿੰਘ, ਵਰਿਆਮ ਸਿੰਘ, ਸੰਤੋਖ ਸਿੰਘ, ਦਲੀਪ ਸਿੰਘ ਤੇ ਜਸਵੰਤ ਸਿੰਘ ਅਤੇ ਗਲਵਾਨ ਘਾਟੀ ਵਿਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜੀ ਦਿੱਤੀ ਗਈ। ਇਸ ਤੋਂ ਇਲਾਵਾ ਸਾਬਕਾ MP ਚਤਿੰਨ ਸਿੰਘ ਸਮਾਓ ਤੇ ਕੋਵਿਡ ਨਾਲ ਮਰਨ ਵਾਲਿਆਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਪੰਜਾਬ ਅਤੇ ਪੰਜਾਬ ਕੈਦੀਆਂ ਦਾ ਚੰਗਾ ਆਚਰਨ ਸੋਧਨਾ ਬਿੱਲ 2020 ਪੇਸ਼ ਕੀਤੇ ਗਏ ਜਦਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੁਆਰਾ ਪੰਜਾਬ ਵਿੱਤੀ ਜ਼ਿੰਮੇਵਾਰੀ ਤੇ ਬਜਟ ਪ੍ਰਬੰਧ ਬਿੱਲ 2020 ਪੇਸ਼ ਕੀਤਾ ਗਿਆ। ਸਦਨ ਵੱਲੋਂ ਸਾਰੇ ਬਿੱਲ ਪਾਸ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੇਂਦਰ ਦੇ ਖੇਤੀ ਆਰਡੀਨੈਂਸਾਂ ਵਿਰੁੱਧ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਸਦਨ ਵਿਚ ਮਤਾ ਲਿਆਇਆ ਗਿਆ ਜਿਸ ਨੂੰ ਸਦਨ ਦੀ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਸਦਨ ਵਿਚ ਆਪ ਦੇ ਸਿਰਫ਼ ਪੰਜ ਵਿਧਾਇਕ ਜੈ ਕ੍ਰਿਸ਼ਨ ਰੋੜੀ, ਅਮਨ ਅਰੋੜਾ,ਬਲਜਿੰਦਰ ਕੌਰ, ਕੁਲਤਾਰ ਸਿੰਘ ਅਤੇ ਮਾਸਟਰ ਬਲਦੇਵ ਸਿੰਘ ਹੀ ਮੌਜੂਦ ਸਨ। ਮਤੇ ਪਾਸ ਹੋਣ ਤੋਂ ਬਾਅਦ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ।

