ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਸਰਕਾਰ ਦੁਆਰਾ ਸਾਂਸਦ ਪ੍ਰਤਾਪ ਸਿੰਘ ਬਾਜਵਾ ਦੀ ਸਿਕਊਰਿਟੀ ਵਾਪਸ ਲਏ ਜਾਣ ਤੋਂ ਬਾਅਦ ਹੁਣ ਬਾਜਵਾ ਦੇ ਸਾਥੀ ਅਤੇ ਕਾਂਗਰਸੀ ਸਾਂਸਦ ਸ਼ਮਸ਼ਮੇਰ ਦੂਲੋ ਨੇ ਇਸ ਨੂੰ ਸਰਕਾਰ ਦੀ ਬੋਖਲਾਹਟ ਦਾ ਨਤੀਜਾ ਦੱਸ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਪ੍ਰਤਾਪ ਬਾਜਵਾ ਨੂੰ ਕੁੱਝ ਹੁੰਦਾ ਹੈ ਤਾਂ ਇਸ ਲਈ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਜ਼ਿੰਮੇਵਾਰ ਹੋਣਗੇ।
ਸੁਰੱਖਿਆ ਵਾਪਸ ਲੈਣ ਦੇ ਮੁੱਦੇ ਉੱਤੇ ਬੋਲਦਿਆਂ ਸਾਂਸਦ ਸ਼ਮਸ਼ੇਰ ਦੂਲੋ ਨੇ ਕਿਹਾ ਹੈ ਕਿ ”ਮੈ ਅਤੇ ਪ੍ਰਤਾਪ ਬਾਜਵਾ ਨੇ ਡਰੱਗ ਤੇ ਸ਼ਰਾਬ ਮਾਫੀਆ ਵਿਰੁੱਧ ਅਵਾਜ ਚੁੱਕੀ ਹੈ, ਜਿਸ ਕਰਕੇ ਸਰਕਾਰ ਬੌਖਲਾ ਗਈ ਹੈ ਅਤੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ ਉੱਤੇ ਪ੍ਰਤਾਪ ਬਾਜਵਾ ਦੀ ਸੁਰੱਖਿਆ ਵਾਪਸ ਲਈ ਗਈ ਹੈ”। ਉਨ੍ਹਾਂ ਕਿਹਾ ਕਿ ”ਪ੍ਰਤਾਪ ਬਾਜਵਾ ਨੂੰ ਸੁਰੱਖਿਆ ਇਸ ਕਰਕੇ ਦਿੱਤੀ ਗਈ ਸੀ ਕਿਉਂਕਿ ਉਨ੍ਹਾਂ ਉੱਤੇ ਅੱਤਵਾਦ ਦੇ ਸਮੇਂ ਵਿਚ ਜਾਨਲੇਵਾ ਹਮਲੇ ਹੋਏ ਸਨ ਅਤੇ ਮੇਰੇ ਉੱਤੇ ਵੀ ਅੱਤਵਾਦੀਆਂ ਦੁਆਰਾ ਹਮਲਾ ਕੀਤਾ ਗਿਆ ਸੀ। ਮੇਰੀ ਸੁਰੱਖਿਆ ਵਿਚ ਵੀ ਕੇਵਲ 3 ਸਿਪਾਹੀ ਤਾਇਨਾਤ ਹਨ ਜਦਕਿ ਮੈ ਰਾਜ ਸਭਾ ਦਾ ਮੈਂਬਰ ਹਾਂ ਅਤੇ ਬਾਕੀ ਮੈਂਬਰਾਂ ਨੂੰ 12-12 ਗਨਮੈਨ ਦਿੱਤੇ ਹੋਏ ਹਨ”। ਦੂਲੋ ਨੇ ਅੱਗੇ ਕਿਹਾ ਕਿ ਜੇਕਰ ਮੇਰੀ ਅਤੇ ਪ੍ਰਤਾਪ ਬਾਜਵਾ ਦੀ ਜਾਨ ਨੂੰ ਕੋਈ ਖਤਰਾ ਹੁੰਦਾ ਹੈ ਤਾਂ ਉਸ ਲਈ ਮੁੱਖ ਮੰਤਰੀ ਅਤੇ ਪੰਜਾਬ ਦਾ ਡੀਜੀਪੀ ਜ਼ਿੰਮੇਵਾਰ ਹੋਣਗੇ।
ਦੱਸ ਦਈਏ ਕਿ ਬੀਤੇ ਦਿਨ ਪੰਜਾਬ ਸਰਕਾਰ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਸੀ ਕਿ ”ਸਾਂਸਦ ਪ੍ਰਤਾਪ ਸਿੰਘ ਬਾਜਵਾ ਤੋਂ ਪੰਜਾਬ ਪੁਲਿਸ ਦੀ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ। ਇਕ ਮੁਲਾਂਕਣ ਤੋਂ ਪਤਾ ਚੱਲਿਆ ਹੈ ਕਿ ਉਨ੍ਹਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ ਅਤੇ ਕਿਸੇ ਵੀ ਸਥਿਤੀ ਵਿਚ ਹੁਣ ਉਨ੍ਹਾਂ ਕੋਲ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਕੇਂਦਰੀ ਸੁਰੱਖਿਆ ਪ੍ਰਾਪਤ ਹੈ”। ਜ਼ਿਕਰਯੋਗ ਹੈ ਕਿ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮੁੱਦੇ ਉੱਤੇ ਸਾਂਸਦ ਪ੍ਰਤਾਪ ਸਿੰਘ ਬਾਜਵਾ ਅਤੇ ਸਮਸ਼ੇਰ ਦੂਲੋ ਨੇ ਆਪਣੀ ਹੀ ਸਰਕਾਰ ਉੱਤੇ ਸਵਾਲ ਖੜ੍ਹੇ ਕੀਤੇ ਹਨ ਜਿਸ ਨੂੰ ਲੈ ਕੇ ਦੋਵੇਂ ਲੀਡਰਾਂ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਦੀ ਮੰਗ ਵੀ ਉੱਠ ਚੁੱਕੀ ਹੈ।
