ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਸਿੱਖਿਆ ਨੀਤੀ ਨੂੰ ਲੈ ਕੇ ਆਪਣੀ ਗੱਲ ਰੱਖੀ ਹੈ। ਸਿੱਖਿਆ ਮੰਤਰਾਲੇ ਦੁਆਰਾ ਆਯੋਜਿਤ ਇਕ ਕਾਨਫਰੰਸ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਸੰਬੋਧਨ ਦਿੱਤਾ ਹੈ। ਪੀਐਮ ਮੋਦੀ ਨੇ ਕਿਹਾ ਹੈ ਕਿ ਤਿੰਨ-ਚਾਰ ਸਾਲ ਦੇ ਵਿਚਾਰ-ਮੰਥਨ ਤੋਂ ਬਾਅਦ ਨਵੀਂ ਸਿੱਖਿਆ ਨੀਤੀ ਨੂੰ ਮੰਜ਼ੂਰੀ ਮਿਲੀ ਹੈ ਅਤੇ ਅੱਜ ਇਸ ਨੀਤੀ ਦਾ ਕੋਈ ਵਿਰੋਧ ਨਹੀਂ ਕਰ ਰਿਹਾ ਹੈ, ਕਿਉਂਕਿ ਇਸ ਵਿਚ ਕੁੱਝ ਵੀ ਇਕਤਰਫਾ ਨਹੀਂ ਹੈ।
ਪੀਐਮ ਮੋਦੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਸਿਰਫ ਸਰਕੂਲਰ ਜਾਰੀ ਕਰਕੇ ਅਤੇ ਸੂਚਿਤ ਕਰਕੇ ਲਾਗੂ ਨਹੀਂ ਹੋਵੇਗੀ। ਇਸ ਲਈ ਤੁਹਾਨੂੰ ਆਪਣਾ ਮਨ ਬਣਾਉਣ ਪਵੇਗਾ। ਤੁਹਾਨੂੰ ਸਾਰਿਆਂ ਨੂੰ ਸਖਤ ਇੱਛਾ ਸ਼ਕਤੀ ਦਿਖਾਉਣੀ ਪਵੇਗੀ। ਭਾਰਤ ਦੇ ਮੌਜੂਦਾ ਅਤੇ ਭਵਿੱਖ ਨੂੰ ਬਣਾਉਣ ਲਈ ਤੁਹਾਡਾ ਇਹ ਕਾਰਜ ਇਕ ਮਹਾਂਯੱਗ ਦੀ ਤਰ੍ਹਾਂ ਹੈ। ਪੀਐਮ ਮੋਦੀ ਅਨੁਸਾਰ ”ਇਸ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਲਈ ਸਾਰਿਆਂ ਨੂੰ ਦ੍ਰਿੜਤਾਂ ਨਾਲ ਕੰਮ ਕਰਨਾ ਹੈ। ਇੱਥੋਂ ਯੂਨੀਵਰਸਿਟੀਆਂ, ਕਾਲਜਾਂ, ਸਕੂਲ ਸਿੱਖਿਆ ਬੋਰਡਾਂ, ਵੱਖ-ਵੱਖ ਰਾਜਾਂ, ਵੱਖ- ਵੱਖ ਹਿੱਸੇਦਾਰਾਂ ਨਾਲ ਗੱਲਬਾਤ ਅਤੇ ਤਾਲਮੇਲ ਦਾ ਨਵਾਂ ਦੌਰ ਸ਼ੁਰੂ ਹੋਣ ਵਾਲਾ ਹੈ। ਸਿੱਖਿਆ ਪ੍ਰਣਾਲੀ ਵਿਚ ਤਬਦੀਲੀਆਂ, ਚੰਗੇ ਵਿਦਿਆਰਥੀ, ਚੰਗੇ ਪੇਸ਼ੇਵਰਾਂ ਅਤੇ ਚੰਗੇ ਨਾਗਰਿਕਾਂ ਨੂੰ ਦੇਸ਼ ਨੂੰ ਦੇਣ ਦਾ ਇਕ ਵਧੀਆ ਸਾਧਨ ਤੁਸੀ ਸਾਰੇ ਅਧਿਆਪਕ ਅਤੇ ਪ੍ਰੋਫੈਸਰ ਹਨ। ਇਸ ਲਈ ਰਾਸ਼ਟਰੀ ਸਿੱਖਿਆ ਨੀਤੀ ਵਿਚ ਅਧਿਆਪਕਾਂ ਦੇ ਮਾਣ-ਸਨਮਾਨ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ”। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿਚ ਕੋਈ ਭੇਦਭਾਵ ਨਹੀਂ ਹੈ ਅਤੇ ਇਹ ਨਵੇਂ ਭਾਰਤ ਦੀ ਨੀਂਹ ਰੱਖੇਗੀ, ਭੇੜਚਾਲ ਖਤਮ ਹੋਵੇਗੀ। ਹਰ ਵਿਦਿਆਰਥੀ ਨੂੰ ਇਹ ਮੌਕਾ ਮਿਲਣਾ ਚਾਹੀਦਾ ਹੈ ਕਿ ਉਹ ਆਪਣੇ ਪੈਸ਼ਨ ਨੂੰ ਫੋਲੋ ਕਰੇ। ਉਹ ਆਪਣੀ ਸਹੂਲਤ ਅਤੇ ਜਰੂਰਤ ਦੇ ਹਿਸਾਬ ਨਾਲ ਕਿਸੇ ਡਿਗਰੀ ਜਾਂ ਕੋਰਸ ਨੂੰ ਫੋਲੋ ਕਰ ਸਕੇ ਅਤੇ ਜੇਕਰ ਉਸਦਾ ਮਨ ਕਰੇ ਤਾਂ ਉਹ ਛੱਡ ਵੀ ਸਕਦਾ ਹੈ। ਹੁਣ ਕੋਸ਼ਿਸ਼ ਬੱਚਿਆਂ ਨੂੰ ਸਿੱਖਣ ਲਈ ਜਾਂਚ ਅਧਾਰਤ, ਵਿਚਾਰ ਵਟਾਂਦਰੇ ਅਧਾਰਤ ਅਤੇ ਵਿਸ਼ਲੇਸ਼ਣ ਅਧਾਰਤ ਤਰੀਕਿਆਂ ਉੱਤੇ ਜ਼ੋਰ ਦੇਣ ਦੀ ਹੈ। ਇਸ ਨਾਲ ਬੱਚਿਆ ਵਿਚ ਸਿੱਖਣ ਦੀ ਇੱਛਾ ਵਧੇਗੀ ਅਤੇ ਉਨ੍ਹਾਂ ਦੀ ਕਲਾਸ ਵਿਚ ਭਾਗੀਦਾਰੀ ਵੀ ਵੱਧੇਗੀ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ 21ਵੀਂ ਸਦੀ ਦੇ ਭਾਰਤ ਦੀ ਬੁਨਿਆਦ ਤਿਆਰ ਕਰੇਗੀ। ਨੌਜਵਾਨਾਂ ਨੂੰ ਜਿਸ ਤਰ੍ਹਾਂ ਦੀ ਪੜਾਈ ਦੀ ਜਰੂਰਤ ਹੈ, ਇਸ ਨੀਤੀ ਵਿਚ ਇਨ੍ਹਾਂ ਗੱਲਾਂ ਉੱਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਹੁਣ 10+2 ਦੇ ਪਾਠਕ੍ਰਮ ਦੀ ਥਾਂ 5+3+3+4 ਦੇ ਸਿਸਟਮ ਨੂੰ ਲਿਆਇਆ ਗਿਆ ਹੈ। ਬੱਚਿਆਂ ਦੇ ਘਰ ਦੀ ਬੋਲੀ ਅਤੇ ਸਕੂਲ ਵਿਚ ਪੜ੍ਹਾਈ ਦੀ ਭਾਸਾ ਇਕ ਹੋਣ ਨਾਲ ਬੱਚੇ ਦੇ ਸਿੱਖਣ ਦੀ ਗਤੀ ਬੇਹਤਰ ਹੁੰਦੀ ਹੈ ਜਿਸ ਕਰਕੇ 5ਵੀਂ ਕਲਾਸ ਤੱਕ ਬੱਚਿਆਂ ਨੂੰ ਉਨ੍ਹਾ ਦੀ ਮਾਤ ਭਾਸ਼ਾ ਵਿਚ ਪੜ੍ਹਨ ਉੱਤੇ ਸਹਿਮਤੀ ਦਿੱਤੀ ਗਈ ਹੈ।
