ਨਕਲੀ ਅਤੇ ਘਟੀਆ ਮਿਆਰ ਦੇ ਬੀਜ ਵੇਚਣ ਵਾਲੇ ਵਪਾਰੀਆਂ ਹੱਥੋਂ ਹੁੰਦੀ ਕਿਸਾਨਾਂ ਦੀ ਲੁੱਟ ਰੋਕਣ ਲਈ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਨਕਲੀ ਅਤੇ ਘਟੀਆ ਮਿਆਰ ਦੇ ਬੀਜ ਵੇਚਣ ਵਾਲੇ ਵਪਾਰੀਆਂ ਹੱਥੋਂ ਕਿਸਾਨਾਂ ਦੀ ਹੁੰਦੀ ਲੁੱਟ ਰੋਕਣ ਲਈ ਪੰਜਾਬ ਸਰਕਾਰ ਨੇ ਬੀਜ ਦੀ ਪ੍ਰਮਾਣਿਕਤਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਨਕਲੀ ਅਤੇ ਘਟੀਆ ਮਿਆਰ ਦੇ ਬੀਜ ਵੇਚਣ ਵਾਲੇ ਵਪਾਰੀਆਂ ਹੱਥੋਂ ਕਿਸਾਨਾਂ ਦੀ ਹੁੰਦੀ ਲੁੱਟ ਰੋਕਣ ਲਈ ਪੰਜਾਬ ਸਰਕਾਰ ਨੇ ਬੀਜ ਦੀ ਪ੍ਰਮਾਣਿਕਤਾ ਵਾਸਤੇ ਬਾਰਕੋਡ ਤੇ ਕਿਊ.ਆਰ. ਕੋਡ ਦੀ ਵਰਤੋਂ ਕਰਨ ਸਮੇਤ ਆਧੁਨਿਕ ਤਕਨਾਲੌਜੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਕਿਸਾਨਾਂ ਨੂੰ ਕਣਕ ਅਤੇ ਝੋਨੇ ਸਮੇਤ ਵੱਖ-ਵੱਖ ਫਸਲਾਂ ਦਾ ਪ੍ਰਮਾਣਿਤ ਬੀਜ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ।

ਆਲੂਆਂ ਦੀ ਫਸਲ ਦੇ ਬੀਜ ਲਈ ਸਫਲਤਾਪੂਰਵਕ ਪ੍ਰੋਜੈਕਟ ਤੋਂ ਉਤਸ਼ਾਹਤ ਹੁੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਲਾਕਚੇਨ ਤਕਨਾਲੌਜੀ ਰਾਹੀਂ ਬੀਜ ਦਾ ਪਤਾ ਲਾਉਣ ਲਈ ਆਧੁਨਿਕ ਪ੍ਰਮਾਣਿਤ ਵਿਧੀ ਨੂੰ ਅਮਲ ਵਿੱਚ ਲਿਆਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਨਾਲ ਨਕਲੀ ਅਤੇ ਗੈਰ-ਪ੍ਰਮਾਣਿਕ ਬੀਜਾਂ ਦਾ ਧੋਖਾ ਨਾ ਹੋ ਸਕੇ। ਪ੍ਰਮਾਣਿਕ ਬੀਜ ਆਉਂਦੇ ਸੀਜ਼ਨਾਂ ਤੋਂ ਕਿਸਾਨਾਂ ਨੂੰ ਵੰਡੇ ਜਾਣਗੇ ਅਤੇ ਇਸ ਦੀ ਸ਼ੁਰੂਆਤ ਚਾਰਾ, ਤੇਲ ਅਤੇ ਦਾਲਾਂ ਦੇ 1.50 ਲੱਖ ਕੁਇੰਟਲ ਬੀਜਾਂ ਤੋਂ ਕੀਤੀ ਜਾਵੇਗੀ ਜਿਸ ਲਈ ਪੰਜਾਬ ਰਾਜ ਬੀਜ ਨਿਗਮ (ਪਨਸੀਡ) ਵੱਲੋਂ 10,000 ਏਕੜ ਜ਼ਮੀਨ ਵਿੱਚ ਕਾਸ਼ਤ ਕੀਤੀ ਜਾਵੇਗੀ। ਇਸੇ ਤਰ੍ਹਾਂ ਹਾੜ੍ਹ-2021 ਦੀ ਸ਼ੁਰੂਆਤ ਮੌਕੇ ਅਗਲੇ ਸੀਜ਼ਨਾਂ ਲਈ ਕਣਕ ਤੇ ਝੋਨੇ ਦੇ ਬੀਜਾਂ ਲਈ ਵੀ ਅਜਿਹਾ ਹੀ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਨਵੀਂ ਤਕਨਾਲੌਜੀ ਬੀਜ ਦੇ ਮੂਲ ਦਾ ਪਤਾ ਲਾਉਣ ਵਿੱਚ ਸਹਾਈ ਹੋਵੇਗੀ ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਕਿਸਾਨਾਂ ਨੂੰ ਸਹੀ ਅਤੇ ਪ੍ਰਮਾਣਿਕ ਬੀਜ ਮਿਲਣ ਤੋਂ ਇਲਾਵਾ ਨਕਲੀ ਅਤੇ ਘਟੀਆ ਮਿਆਰ ਦੇ ਬੀਜਾਂ ਦੀ ਸਮੱਸਿਆ ਵੀ ਖਤਮ ਹੋ ਜਾਵੇ ਜਿਸ ਨੇ ਪਿਛਲੇ ਸਮੇਂ ਵਿੱਚ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਬੀਜ ਦੀ ਉਤਪਤੀ ਦਾ ਪਤਾ ਲਾਏ ਜਾਣ ਨਾਲ ਹੀ ਕਿਸਾਨਾਂ ਨੂੰ ਗੈਰ-ਮਿਆਰੀ ਬੀਜ ਵਿਕਰੇਤਾਵਾਂ ਅਤੇ ਵਪਾਰੀਆਂ ਹੱਥੋਂ ਹੁੰਦੇ ਸ਼ੋਸ਼ਣ ਤੋਂ ਬਚਾਇਆ ਜਾ ਸਕਦਾ ਹੈ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬੀਜ ਦੀ ਤਸਦੀਕ ਅਤੇ ਪ੍ਰਮਾਣਿਤ ਕਰਨ ਦੀ ਸਮੁੱਚੀ ਪ੍ਰਕਿਰਿਆ ਸਬੰਧਿਤ ਪ੍ਰਮਾਣਿਤ ਅਥਾਰਟੀ ਵੱਲੋਂ ਸਾਫਟਵੇਅਰ ਰਾਹੀਂ ਕੀਤੀ ਜਾਵੇਗੀ ਤਾਂ ਕਿ ਇਸ ਵਿੱਚ ਪਾਰਦਰਸ਼ਤਾ ਯਕੀਨੀ ਬਣਾਈ ਜਾ ਸਕੇ ਅਤੇ ਇਸ ਨਾਲ ਕਿਸਾਨਾਂ ਉੱਤੇ ਵੀ ਕੋਈ ਵਾਧੂ ਬੋਝ ਨਹੀਂ ਪਵੇਗਾ।

Leave a Reply

Your email address will not be published. Required fields are marked *