ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੌਗ ਉਨ ਦੀ ਸਿਹਤ ਸੰਬੰਧੀ ਚੱਲ ਰਹੀਆਂ ਅਟਕਲਾਂ ਉੱਤੇ ਹੁਣ ਵਿਰਾਮ ਲੱਗ ਗਿਆ ਹੈ। ਕਿਮ ਜੌਗ ਜਿਊਂਦਾ ਹੈ ਜਾਂ ਫਿਰ ਉਸ ਦੀ ਮੌਤ ਹੋ ਗਈ ਹੈ ਇਸ ਦੀ ਸੱਚਾਈ ਨਿਕਲ ਕੇ ਸਾਹਮਣੇ ਆ ਗਈ ਹੈ। ਦਰਅਸਲ ਬੀਤੇ ਮੰਗਲਵਾਰ ਨੂੰ ਕਿਮ ਆਪਣੇ ਪਾਰਟੀ ਦੇ ਮੈਂਬਰਾਂ ਨਾਲ ਇਕ ਐਮਰਜੈਂਸੀ ਬੈਠਕ ਕਰਦਾ ਨਜ਼ਰ ਆਇਆ ਹੈ ਜਿਸ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਕਿਮ ਦੀ ਮੌਤ ਨਹੀਂ ਹੋਈ ਹੈ ਅਤੇ ਉਹ ਸਿਹਤਮੰਦ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਉੱਤਰ ਕੋਰੀਆ ਦੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਕੁੱਝ ਤਸਵੀਰਾਂ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਕਿਮ ਨੇ ਵਰਕਰਜ਼ ਪਾਰਟੀ ਦੇ ਪੋਲਿਟ ਬਿਊਰੋ ਨਾਲ ਹੰਗਾਮੀ ਮੀਟਿੰਗ ਕੀਤੀ ਜਿਸ ਵਿਚ ਕੋਰੋਨਾ ਵਾਇਰਸ ਅਤੇ ਵੀਰਵਾਰ ਨੂੰ ਦੇਸ਼ ਦੇ ਤੱਟ ਨਾਲ ਟਕਰਾਉਣ ਜਾ ਰਹੇ ਟਾਇਫੂਨ ਤੂਫਾਨ ਤੋਂ ਬਚਾਅ ਦੇ ਹੁਕਮ ਦਿੱਤੇ, ਹਾਲਾਂਕਿ ਇਸ ਗੱਲ ਉੱਤੇ ਵੀ ਸ਼ੰਕਾ ਬਰਕਰਾਰ ਹੈ ਕਿ ਕਿਮ ਦੀ ਸ਼ੇਅਰ ਕੀਤੀ ਗਈ ਫੋਟੋ ਨਵੀਂ ਹੈ ਜਾਂ ਫਿਰ ਪੁਰਾਣੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਕੋਈ ਕਿਮ ਜੌਗ ਉਨ ਦੀ ਮੌਤ ਹੋਣ ਦਾ ਦਾਅਵਾ ਕਰ ਰਿਹਾ ਸੀ, ਜਦਕਿ ਕਿਸੇ ਨੇ ਉਸ ਦੇ ਕੋਮਾ ਵਿਚ ਹੋਣ ਅਤੇ ਉਸ ਦੀ ਭੈਣ ਕਿਮ ਯੋ ਜੌਗ ਦੇ ਹੱਥ ਕਮਾਨ ਆਉਣ ਦੀ ਗੱਲ ਕਹੀ ਸੀ। ਇਕ ਬ੍ਰਿਟਿਸ਼ ਅਖਬਾਰ ਐਕਸਪ੍ਰੈਸ ਨੇ ਦੱਖਣ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਕਿਮ ਡੇ ਜੁੰਗ ਦੇ ਕਰੀਬੀਆਂ ਦੇ ਹਵਾਲਿਓ ਦੱਸਿਆ ਸੀ ਕਿ ਕਿਮ ਜੌਗ ਅਜੇ ਜਿਊਂਦਾ ਹੈ, ਉਹ ਕੋਮਾ ਵਿਚ ਹੈ ਪਰ ਕਿਮ ਦੀ ਗੈਰ-ਮੌਜ਼ੂਦਗੀ ਵਿਚ ਸੱਤਾ ਜ਼ਿਆਦਾ ਸਮੇ ਖਾਲ੍ਹੀ ਨਾ ਰਹੇ, ਇਸ ਲਈ ਉਸ ਦੀ ਭੈਣ ਕਿਸ ਯੋ ਜੌਗ ਨੂੰ ਤਾਕਤਾਂ ਦਿੱਤੀਆਂ ਗਈਆਂ ਹਨ, ਜਦਕਿ ਉੱਤਰ ਕੋਰੀਆ ਨੂੰ ਜਾਣਨ ਵਾਲੇ ਮਾਹਰਾਂ ਦਾ ਦਾਅਵਾ ਸੀ ਕਿ ਕਿਮ ਜੌਗ ਦੀ ਮੌਤ ਨਹੀਂ ਹੋਈ ਹੈ ਪਰ ਉਹ ਗੰਭੀਰ ਬਿਮਾਰੀ ਦੇ ਚੱਲਦੇ ਕੋਮਾ ਵਿਚ ਹੈ।
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਜਦੋਂ ਤਾਨਾਸ਼ਾਹ ਕਿਮ ਜੌਗ ਉਨ ਕੁੱਝ ਦਿਨ ਗਾਇਬ ਰਹਿਣ ਤੋਂ ਬਾਅਦ ਇਸ ਤਰ੍ਹਾਂ ਦੁਨੀਆ ਦੇ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵੀ ਅਪ੍ਰੈਲ ਵਿਚ ਕਿਮ ਦੇ ਮਰਨ ਦੀਆਂ ਖਬਰਾਂ ਇਸੇ ਤਰ੍ਹਾਂ ਫੈਲੀਆਂ ਸਨ ਪਰ ਕੁੱਝ ਦਿਨ ਗਾਇਬ ਰਹਿਣ ਦੇ ਬਾਅਦ ਕਿਮ ਇਕ ਖਾਦ ਪਲਾਂਟ ਦੇ ਉਦਘਾਟਨ ਸਮੇਂ ਵਿਖਾਈ ਦਿੱਤਾ ਸੀ ਜਿਸ ਤੋਂ ਬਾਅਦ ਇਨ੍ਹਾਂ ਖਬਰਾਂ ਉੱਤੇ ਪਾਣੀ ਫਿਰ ਗਿਆ ਸੀ।



