ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਮੁਹਾਲੀ ਜ਼ਿਲ੍ਹੇ ਅਧੀਨ ਪੈਂਦੇ ਹਲਕਾ ਡੇਰਾਬੱਸੀ ਦੇ ਪਿੰਡ ਮੀਰਪੁਰ ਦੇ ਰਹਿਣ ਵਾਲੇ ਨਾਮਵਰ ਇੰਟਰਨੈਸ਼ਨਲ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਨੂੰ ਭਾਰਤ ਸਰਕਾਰ ਨੇ ਧਿਆਨਚੰਦ ਅਵਾਰਡ ਦੇਣ ਲਈ ਨਾਮਜ਼ਦ ਕੀਤਾ ਹੈ ਜੋ ਕਿ ਪੰਜਾਬ ਲਈ ਵੀ ਇਕ ਵੱਡੀ ਮਾਣ ਵਾਲੀ ਗੱਲ ਹੈ। ਇਸ ਅਵਾਰਡ ਲਈ ਸਿਰਫਾਰਿਸ਼ ਕੀਤੇ ਗਏ 13 ਖਿਡਾਰੀਆਂ ਵਿਚੋਂ ਮਨਪ੍ਰੀਤ ਸਿੰਘ ਇਕਲੌਤਾ ਖਿਡਾਰੀ ਹੈ ਜਿਸ ਨੂੰ ਇਹ ਵੱਡਾ ਅਵਾਰਡ ਮਿਲਣ ਜਾ ਰਿਹਾ ਹੈ। ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ 29 ਅਗਸਤ ਨੂੰ ਦਿੱਲੀ ਵਿਚ ਉਨ੍ਹਾਂ ਨੂੰ ਇਹ ਅਵਾਰਡ ਪ੍ਰਦਾਨ ਕਰਨਗੇ।
ਸਕੂਲੀ ਦਿਨਾਂ ਤੋਂ ਹੀ ਨੈਸ਼ਨਲ ਕਬੱਡੀ ਟੀਮ ਵਿਚ ਥਾਂ ਬਣਾਉਣ ਵਾਲੇ ਮਨਪ੍ਰੀਤ ਸਿੰਘ ਇਕ ਤੇਜ਼-ਤਰਾਰ ਰੇਡਰ ਦੀ ਭੂਮਿਕਾ ਵਿਚ ਰਹੇ ਹਨ ਅਤੇ 10 ਸਾਲ ਭਾਰਤੀ ਕਬੱਡੀ ਟੀਮ ਲਈ ਖੇਡ ਚੁੱਕੇ ਹਨ। ਮਨਪ੍ਰੀਤ ਸਿੰਘ ਇੰਟਰਨੈਸ਼ਨਲ ਪੱਧਰ ਉੱਤੇ 12 ਅਤੇ ਰਾਸ਼ਟਰੀ ਪੱਧਰ ਉੱਤੇ 150 ਤੋਂ ਜ਼ਿਆਦਾ ਗੋਲਡ ਮੈਡਲ ਜਿੱਤੇ ਹਨ। ਫਿਲਹਾਲ ਉਹ ਸੋਨੀਪਤ ਸਥਿਤ ਓਐਨਜੀਸੀ ਕੰਪਨੀ ਵਿਚ ਕਲਾਸ ਵਨ ਅਫਸਰ ਹਨ। ਮਨਪ੍ਰੀਤ ਸਿੰਘ ਦੇਸ਼ ਵਿਚ ਕੇਵਲ ਦੂਜੇ ਅਜਿਹੇ ਕੱਬਡੀ ਖਿਡਾਰੀ ਹਨ ਜੋ ਇਸ ਅਵਾਰਡ ਲਈ ਚੁਣੇ ਗਏ ਹਨ। ਇਸ ਤੋਂ ਪਹਿਲਾਂ ਹਰਿਆਣਾ ਦੇ ਕਬੱਡੀ ਖਿਡਾਰੀ ਸਮਸ਼ੇਰ ਸਿੰਘ ਨੂੰ ਹੀ 2017 ਵਿਚ ਇਹ ਅਵਾਰਡ ਮਿਲਿਆ ਸੀ ਜੋ ਇਸ ਵੇਲੇ ਹਰਿਆਣਾ ਪੁਲਿਸ ਵਿਚ ਡੀਐਸਪੀ ਵਜੋਂ ਸੇਵਾਵਾਂ ਨਿਭਾ ਰਹੇ ਹਨ। ਅਵਾਰਡ ਮਿਲਣ ਦੀ ਇਹ ਖਬਰ ਮਨਪ੍ਰੀਤ ਸਿੰਘ ਨੂੰ ਮੰਗਲਵਾਰ ਰਾਤ ਪਤਾ ਚੱਲੀ ਹੈ ਜਿਸ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਮੀਰਪੁਰ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ। ਪਿੰਡ ਦੇ ਲੋਕ ਉਸ ਦੇ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ। ਮਨਪ੍ਰੀਤ ਸਿੰਘ ਅਤੇ ਉਸ ਦਾ ਪੂਰਾ ਪਰਿਵਾਰ ਇਸ ਉਪਲੱਬਧੀ ਉੱਤੇ ਫੁੱਲਿਆ ਨਹੀਂ ਸਮਾ ਰਿਹਾ ਹੈ। ਖੁਦ ਮਨਪ੍ਰੀਤ ਸਿੰਘ ਨੇ ਵੀ ਇਸ ਅਵਾਰਡ ਲਈ ਚੁਣੇ ਜਾਣ ਉੱਤੇ ਖੁਸ਼ੀ ਜਤਾਈ ਹੈ ਅਤੇ ਇਸ ਦਾ ਸਿਹਰਾ ਵੱਖ-ਵੱਖ ਕੋਚਾ, ਸੀਨੀਅਰ ਖਿਡਾਰੀਆਂ, ਪਰਿਵਾਰ ਅਤੇ ਆਪਣੇ ਪ੍ਰਸ਼ੰਸਕਾ ਨੂੰ ਦਿੱਤਾ ਹੈ।
ਦੱਸ ਦਈਏ ਕਿ ਧਿਆਨਚੰਦ ਭਾਰਤ ਦਾ ਇੱਕ ਬਹੁਤ ਵੱਡਾ ਅਵਾਰਡ ਹੈ ਜੋ ਕਿ ਖਿਡਾਰੀਆਂ ਨੂੰ ਜੀਵਨ ਕਾਲ ਵਿਚ ਪ੍ਰਾਪਤ ਕੀਤੀਆਂ ਪ੍ਰਾਪਤੀਆਂ ਲਈ ਦਿੱਤਾ ਜਾਂਦਾ ਹੈ। ਇਸ ਅਵਾਰਡ ਦਾ ਨਾਮ ਭਾਰਤੀ ਹਾਕੀ ਟੀਮ ਦੇ ਪ੍ਰਸਿੱਧ ਖਿਡਾਰੀ ਧਿਆਨ ਚੰਦ ਦੇ ਨਾਮ ਉੱਤੇ ਰੱਖਿਆ ਗਿਆ ਹੈ।
